ਜ਼ੀਰਕਪੁਰ (ਐਸ.ਏ.ਐਸ. ਨਗਰ), 20 ਸਤੰਬਰ, 2024:ਮੌਜੂਦਾ ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਠੋਸ ਯਤਨਾਂ ਨੂੰ ਅੱਜ ਰੇਲਵੇ ਵੱਲੋਂ ਟੈਂਡਰ ਖੋਲ੍ਹਣ ਨਾਲ ਬਲ ਮਿਲਿਆ ਹੈ। ਅਗਲੇ ਸਾਲ ਤੱਕ ਰੇਲਵੇ ਅੰਡਰ ਪਾਸ ਬਣ ਕੇ ਤਿਆਰ ਹੋਣ ਵਾਲੀ ਜਗ੍ਹਾ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਟੈਂਡਰ ਪ੍ਰਾਪਤ ਕਰਨ ਦੇ ਪਹਿਲੇ ਪੜਾਅ ਨੂੰ ਪਾਰ ਕਰਨ ਤੋਂ ਬਾਅਦ, ਹੁਣ ਰੇਲਵੇ ਅਥਾਰਟੀ ਟੈਂਡਰ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਸਮਾਂ ਲਵੇਗੀ ਅਤੇ ਯੋਗਤਾ ਪੂਰੀਆਂ ਕਰਦੇ ਸਫਲ ਬੋਲੀਕਾਰ ਨੂੰ ਇਸਦੀ ਅਲਾਟਮੈਂਟ ਕਰੇਗੀ। ਉਨ੍ਹਾਂ ਕਿਹਾ ਕਿ ਉਸਾਰੀ ਨਵੰਬਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਪੂਰਾ ਹੋਣ ਵਿੱਚ 9-10 ਮਹੀਨੇ ਹੋਰ ਲੱਗਣਗੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰੇ ਦਾ ਉਦੇਸ਼ ਰੇਲਵੇ ਕ੍ਰਾਸਿੰਗ ਦੀ ਖਾਤਮਾ(ਰੇਲਵੇ ਅੰਡਰ ਪਾਸ ਨਾਲ ਬਦਲਣਾ) ਪ੍ਰਕਿਰਿਆ ਲਈ ਐਨ ਓ ਸੀ ਜਾਰੀ ਕਰਨ ਨਾਲ ਸਬੰਧਤ ਸ਼ਰਤਾਂ ਦਾ ਮੁਲਾਂਕਣ ਕਰਨਾ ਸੀ। ਐਨ ਓ ਸੀ ਜਾਰੀ ਕਰਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਆਖਰੀ ਮਿਤੀ 26 ਸਤੰਬਰ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸੁਝਾਅ ਅਨੁਸਾਰ ਬੈਕਸਾਈਡ ਕ੍ਰਿਸ਼ਨਾ ਐਨਕਲੇਵ ਤੋਂ ਗੋਲਡਨ ਸੈਂਡ ਤੱਕ ਬਦਲਵੇਂ ਰਸਤੇ ਦੀ ਤਿਆਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਇਸ ਦੌਰਾਨ ਲੋੜੀਂਦੇ ਖੰਭਿਆਂ ਨੂੰ ਸ਼ਿਫਟ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਢਕੋਲੀ ਕਰਾਸਿੰਗ ‘ਤੇ ਰੇਲਵੇ ਅੰਡਰਪਾਸ ਕਾਲਕਾ-ਅੰਬਾਲਾ ਟੀ ਪੁਆਇੰਟ ‘ਤੇ ਜ਼ੀਰਕਪੁਰ ਵਿਖੇ ਆਵਾਜਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸਾਰੀ ਦੀ ਅਨੁਮਾਨਿਤ ਰਾਸ਼ੀ 13.70 ਕਰੋੜ ਰੁਪਏ ਦਾ ਅੱਧਾ ਹਿੱਸਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਰੇਲਵੇ ਕੋਲ ਜਮ੍ਹਾ ਕਰਵਾਇਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ ਅਤੇ ਈ.ਓ ਅਸ਼ੋਕ ਕੁਮਾਰ ਨੂੰ ਢਕੋਲੀ ਕਰਾਸਿੰਗ ‘ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਰੇਲਵੇ ਅੰਡਰ ਪਾਸ ਦੇ ਨਿਰਮਾਣ ਨਾਲ ਸਬੰਧਤ ਬਾਕੀ ਦੀਆਂ ਰਸਮਾਂ ਪੂਰੀਆਂ ਕਰਨ ਲਈ ਕਿਹਾ। ਇਲਾਕਾ ਨਿਵਾਸੀਆਂ ਦੀਆਂ ਸਥਾਨਕ ਪ੍ਰਸ਼ਾਸਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੰਡੀ ਖੇਤਰ ਵਿੱਚ ਕੂੜੇ ਦੇ ਡੰਪ ਦੇ ਜਲਦੀ ਨਿਪਟਾਰੇ ਅਤੇ ਅਪਰਾਧ ਦਰ ਨੂੰ ਘਟਾਉਣ ਲਈ ਸੀਸੀਟੀਵੀ ਕੈਮਰੇ ਲਗਾਉਣ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ।
ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਜਾਵੇਗਾ; ਡੀ ਸੀ ਆਸ਼ਿਕਾ ਜੈਨ
[wpadcenter_ad id='4448' align='none']