Sunday, January 5, 2025

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਨਿਰਮਲਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ

Date:

Dhan Dhan Shri Guru Ramdas Ji

ਸਿੱਖੀ ਦੇ ਬੂਟੇ ਦੀ ਜੜ੍ਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਗਾਈ ਅਤੇ ਇਸ ਬੂਟੇ ਦੀ ਪਫੁੱਲਤਾ ਅਤੇ ਸਾਂਭ-ਸੰਭਾਲ ਅੱਗੋਂ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਆਪਣੇ ਜੀਵਨ ਕਾਲ ਦੌਰਾਨ ਕਰਦੇ ਰਹੇ। ਇਸ ਤਰ੍ਹਾਂ ਸਿੱਖੀ ਜੀਵਨ-ਜਾਂਚ ਸਿਖਾਉਣ ਲਈ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਕਾਰਜ ਵਾਸਤੇ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਅਮਰਦਾਸ ਜੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਗਟ ਹੋਏ। ਸ੍ਰੀ ਗੁਰੂ ਰਾਮਦਾਸ ਜੀ ਨੇ ਚੌਥੇ ਪਾਤਸ਼ਾਹ ਦੇ ਰੂਪ ਵਿਚ ਗੁਰੂ ਨਾਨਕ ਜੋਤਿ ਨੂੰ ਧਾਰਨ ਕੀਤਾ ਅਤੇ ਸਰਬ ਲੋਕਾਈ ਦਾ ਮਾਰਗ ਦਰਸ਼ਨ ਕਰਕੇ ਜੀਵਨ ਜੁਗਤਿ ਸਮਝਾਈ। ਗੁਰੂ ਸਾਹਿਬ ਦੀ ਧੰਨਤਾ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ…

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ 
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ 
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥ 
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ 968)

ਗੁਰੂ ਸਾਹਿਬ ਜੀ ਨਿਰਮਲਤਾ ਦੇ ਪੁੰਜ ਸਨ। ਇਸ ਲਈ ਗੁਰਿਆਈ ਦੀ ਜ਼ਿੰਮੇਵਾਰੀ ਚੁੱਕਣ ਲਈ ਅਕਾਲ ਪੁਰਖ ਵੱਲੋਂ ਪ੍ਰਵਾਨਿਤ ਹੋਏ। ਸ੍ਰੀ ਗੁਰੂ ਰਾਮਦਾਸ ਜੀ ਸੰਤੁਸ਼ਟ ਜੀਵਨ ਦੇ ਮਾਲਕ, ਸੰਤ ਸੁਭਾਅ ਤੇ ਸੇਵਾ ਦੀ ਮੂਰਤ ਬਾਬਾ ਹਰਿਦਾਸ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਪ੍ਰਗਟ ਹੋਏ। ਗੁਰੂ ਜੀ ਦਾ ਆਗਮਨ ਕੱਤਕ ਵਦੀ 2 (25 ਅੱਸੂ) ਸੰਮਤ 1591 (1534 ਈ:) ਨੂੰ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿਖੇ ਹੋਇਆ। ਛੋਟੀ ਉਮਰੇ ਗੁਰੂ ਜੀ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੇ ਬਜ਼ੁਰਗ ਨਾਨੀ ਜੀ ਬਾਸਰਕੇ ਗਿੱਲਾਂ ਸ੍ਰੀ ਅੰਮ੍ਰਿਤਸਰ ਵਿਖੇ ਲੈ ਆਏ। ਪਰਿਵਾਰਕ ਗੁਜ਼ਾਰੇ ਲਈ ਇਥੇ ਘੁੰਙਣੀਆਂ ਵੇਚੀਆਂ। ਪੰਥ ਪ੍ਰਕਾਸ਼ ਵਿਚ ਜ਼ਿਕਰ ਹੈ- 

ਮਾਤ ਪਿਤਾ ਪਰਲੋਕ ਸਿਧਾਰੇ। 
ਰਹਿਓ ਨਾਨਕ ਸੁਖੀ ਅਪਾਰੇ। 
ਬਾਸਰ ਕੇ ਪਿੰਡ ਸੋਊ ਰਹਾਵੈ। 
ਬੋਚ ਘੁੰਗਣੀ ਕ੍ਰਿਤ ਚਲਾਵੇ।

ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਕਾਸ਼ ਨਗਰੀ ਸੀ। ਇਥੋਂ ਦੇ ਬਹੁਤੇ ਲੋਕ ਗੁਰੂ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ ਸਾਹਿਬ ਜਾਇਆ ਕਰਦੇ ਸਨ। ਭਾਈ ਜੇਠਾ ਜੀ ਨੇ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਉਹ ਵੀ ਸੰਗਤ ਵਿਚ ਤਨੋਂ, ਮਨੋਂ ਸੇਵਾ ਕਰਦੇ ਤੇ ਆਪਣਾ ਗੁਜ਼ਾਰਾ ਘੁੰਙਣੀਆਂ ਵੇਚ ਕੇ ਕਰਦੇ। ਗੁਰਬਾਣੀ, ਸਤਿਸੰਗਤ ਅਤੇ ਗੁਰੂ ਸੇਵਾ ਦਾ ਰੰਗ ਭਾਈ ਜੇਠਾ ਜੀ ’ਤੇ ਚੜ੍ਹਨ ਲੱਗ ਪਿਆ। ਨਿਮਰਤਾ, ਮਿੱਠੀ ਬੋਲ-ਬਾਣੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਖਿੱਚਿਆ। ਸੇਵਾ, ਘਾਲ ਤੇ ਸਿਰੜ ਨੇ ਭਾਈ ਜੇਠਾ ਜੀ ਨੂੰ ਤੀਜੇ ਪਾਤਸ਼ਾਹ ਜੀ ਦੇ ਨਜ਼ਦੀਕ ਲੈ ਆਂਦਾ। ਸਾਂਝ ਦੀ ਗੰਢ ਪੈਣੀ ਸ਼ੁਰੂ ਹੋ ਗਈ। ਗੁਰੂ-ਪਰਿਵਾਰ ਦੇ ਨਜ਼ਦੀਕ ਰਹਿੰਦਿਆਂ ਭਾਈ ਜੇਠਾ ਜੀ ਨੇ ਸੇਵਾ ਘਾਲ ਕਮਾਈ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। 

ਸਤਿਗੁਰਾਂ ਦੇ ਪਾਵਨ ਵਚਨਾਂ ਸਦਕਾ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਗਿਆ। ਭਾਈ ਜੇਠਾ ਜੀ ਸੇਵਕ ਤੋਂ ਜਵਾਈ ਬਣ ਗਏ ਪਰ ਜਵਾਈ ਭਾਈ ਵਾਲਾ ਰਿਸ਼ਤਾ ਗੁਰੂ-ਦਰਬਾਰੀ ਸੇਵਾ ਵਿਚ ਕਦੇ ਬੋਝ ਨਾ ਬਣਿਆ। ਨਿੱਤ ਦੀ ਤਰ੍ਹਾਂ ਬਾਉਲੀ ਦੀ ਗਾਰ ਕੱਢਣਾ, ਲੰਗਰਾਂ ਦੀ ਸੇਵਾ, ਸੰਗਤਾਂ ਦੀ ਸੇਵਾ ਨਿਰੰਤਰ ਜਾਰੀ ਰਹੀ। ਇੱਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਨੇ ਸਿਰ ‘ਤੇ ਟੋਕਰਾ ਚੁੱਕੀ ਵੇਖ ਕੇ ਤਾਅਨੇ ਵੀ ਮਾਰੇ ਪਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ ਮਿਹਣੇ ਦਾ ਪਤਾ ਲੱਗਾ ਤਾਂ ਆਪ ਜੀ ਨੇ ਫਰਮਾਇਆ ਇਹ ਮਿੱਟੀ ਗਾਰੇ ਦਾ ਟੋਕਰਾ ਨਹੀਂ, ਇਹ ਤਾਂ ਦੀਨ ਦੁਨੀ ਦਾ ਸਿਰ ਛੱਤਰ ਹੈ। ਇਹ ਸੁਣ ਭਾਈ ਜੇਠਾ ਜੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਤੀਜੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੀ ਘਾਲ ਤੋਂ ਪ੍ਰਸੰਨ ਹੋ ਕੇ ਮਿੱਟੀ ਦਾ ਟੋਕਰਾ ਸਿਰ ਲੁਹਾ ਕੇ ਗੁਰਿਆਈ ਦੇ ਛਤਰ ਦੀ ਬਖਸ਼ਿਸ਼ ਕਰ ਦਿੱਤੀ।

ਇਸ ਤਰ੍ਹਾਂ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਵਾਨ ਹੋਏ। ਭਾਈ ਗੁਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਿੱਖੀ ਦਾ ਥੰਮ੍ਹ ਦੱਸਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਵਣਜ ਵਪਾਰੀ ਕਿਹਾ ਹੈ ਜੋ ਅਗੁਣਾਂ ਬਦਲੇ ਗੁਣ ਬਖਸ਼ਿਸ਼ ਕਰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਉੱਦਮ-ਉਪਰਾਲੇ ਸ਼ੁਰੂ ਕੀਤੇ। ਗੁਰੂ ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਜਿੱਥੇ ਮਸੰਦ ਸੰਸਥਾ ਦੀ ਨੀਂਹ ਰੱਖੀ, ਉਥੇ ਸਿੱਖੀ ਦੇ ਨਵੇਂ ਕੇਂਦਰ ਜਿਸ ਨੇ ਆਉਣ ਵਾਲੇ ਸਮੇਂ ਵਿਚ ਕੇਂਦਰੀ ਸਥਾਨ ਦਾ ਗੌਰਵ ਪ੍ਰਾਪਤ ਕਰਨਾ ਸੀ, ਬਾਰੇ ਵਿਉਂਤ ਸੋਚੀ। ਸ੍ਰੀ ਗੁਰੂ ਅਮਰਦਾਸ ਜੀ ਦੀ ਸੋਚ ਅਨੁਸਾਰ ਚੱਕ ਗੁਰੂ ਦੀ ਨੀਂਹ ਰੱਖੀ ਜੋ ਪਿੱਛੇ ਚੱਕ ਰਾਮਦਾਸ ਪੁਰ ਅਤੇ ਫਿਰ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਦੁਨੀਆ ਦੇ ਗੌਰਵਮਈ ਇਤਿਹਾਸ ਦਾ ਇਕ ਅਧਿਆਤਮਕ ਕੇਂਦਰ ਹੈ, ਜੋ ਸਿੱਖ ਜਗਤ ਨੂੰ ਚੌਥੇ ਪਾਤਸ਼ਾਹ ਜੀ ਦੀ ਵੱਡੀ ਦੇਣ ਹੈ।

ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ਿਸ਼ਾਂ ਹਨ। ਉਨ੍ਹਾਂ ਦੇ ਉਪਦੇਸ਼ ਜੀਵਨ ਨੂੰ ਅੰਮ੍ਰਿਤਮਈ ਬਣਾਉਣ ਵਾਲੇ ਹਨ। ਉਨ੍ਹਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਅਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮਹੱਤਵ ਹੋਰ ਵੀ ਵਧੇਰੇ ਅਤੇ ਅਸਰਦਾਇਕ ਹੈ। ਮੇਰੀ ਸਮੁੱਚੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਹੈ ਕਿ ਚੌਥੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਿਤ ਕਰੀਏ। ਗੁਰੂ ਸਾਹਿਬ ਵਰਗੀ ਨਿਮਰਤਾ ਦੇ ਧਾਰਨੀ ਬਣੀਏ।

Dhan Dhan Shri Guru Ramdas Ji

Share post:

Subscribe

spot_imgspot_img

Popular

More like this
Related