ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਬਣੇ ਵੋਟਰਾਂ ਨੂੰ ਮਤਦਾਨ ਲਈ ਜਾਗਰੂਕ ਕਰਨ ਦੀ ਮੁਹਿੰਮ ਤੇਜ਼ 

ਲਾਲੜੂ/ਡੇਰਾਬੱਸੀ, 27 ਮਾਰਚ, 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹੇ ’ਚ ਪਹਿਲੀ ਵਾਰ ਬਣੇ ਵੋਟਰਾਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਵੱਡੀ ਗਿਣਤੀ ’ਚ ਮਤਦਾਨ ਲਈ ਉਤਸ਼ਾਹਿਤ ਕਰਨ ਅਤੇ ਜ਼ਿਲ੍ਹੇ ’ਚ ਮਤਦਾਨ ਪ੍ਰਤੀਸ਼ਤਤਾ ਨੂੰ 80 ਫ਼ੀਸਦੀ ’ਤੇ ਲੈ ਕੇ ਜਾਣ ਦੇ ਟੀਚੇ ਤਹਿਤ ਯੂਨੀਵਰਸਲ ਗਰੁੱਪ ਆਫ਼ ਕਾਲਜਿਜ਼ ਲਾਲੜੂ ਵਿਖੇ ਨੁੱਕੜ ਨਾਟਕ ਅਤੇ ਜਾਗਰੂਕਤਾ ਰੈਲੀ ਕੀਤੀ ਗਈ ਜਦਕਿ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਐਸ ਡੀ ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਸਵੀਪ ਟੀਮ ਵੱਲੋਂ ‘ਸਾਡੀ ਵੋਟ ਸਾਡਾ ਅਧਿਕਾਰ’ ਨੁੱਕੜ ਨਾਟਕ ਖੇਡ ਕੇ ਵੱਧ-ਚੜ੍ਹ ਕੇ ਮਤਦਾਨ ਪ੍ਰਤੀ ਹੋਕਾ ਦਿੱਤਾ ਗਿਆ। ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ’ਚ ਮਤਦਾਨ ਦੀ ਔਸਤ ਪ੍ਰਤੀਸ਼ਤਤਾ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ‘ਇਸ ਵਾਰ 70 ਪਾਰ’ ਤੋਂ ਵੀ ਅੱਗੇ ਲਿਜਾਂਦਿਆਂ 80 ਫ਼ੀਸਦੀ ਕਰਨ ਦੇ ਰੱਖੇ ਟੀਚੇ ਤਹਿਤ ਸਸਬ ਡਵੀਜ਼ਨ ਡੇਰਾਬੱਸੀ ’ਚ ਸਵੀਪ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੀਤੂ ਜੈਨ ਪਿ੍ਰੰਸੀਪਲ ਲਾਲੜੂ ਗਰੁੱਪ ਆਫ਼ ਕਾਲਜਿਜ਼ ਦੀ ਪਹਿਲਕਦਮੀ ’ਤੇ ਪਹਿਲੀ ਵਾਰ ਵੋਟਰ ਬਣੇ ਵਿਦਿਆਰਥੀਆਂ ਵੱਲੋਂ ਜਿੱਥੇ ਕਾਲਜ ’ਚ ਨੁੱਕੜ ਨਾਟਕ ‘ਮੇਰੀ ਵੋਟ ਮੇਰੀ ਤਾਕਤ’ ਖੇਡ ਕੇ ਮਤਦਾਨ ਪ੍ਰਤੀ ਹੁੰਗਾਰਾ ਦਿੱਤਾ ਗਿਆ ਉੱਥੇ ਇਨ੍ਹਾਂ ਨਵੇਂ ਬਣੇ ਵੋਟਰਾਂ ਵੱਲੋਂ ਜਾਗਰੂਕਤਾ ਰੈਲੀ ਕਰਕੇ ਹੋਰਨਾਂ ਨੂੰ ਵੀ ਮਤਦਾਨ ਲਈ ਉਤਸ਼ਾਹਿਤ ਕੀਤਾ ਗਿਆ। ਐਸ ਡੀ ਐਮ ਨੇ ਅੱਗੇ ਦੱਸਿਆ ਕਿ ਡੇਰਾਬੱਸੀ ਵਿਖੇ ਸਵੀਪ ਨੋਡਲ ਅਫ਼ਸਰ ਰੂਮਾ ਪਿ੍ਰੰਸਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ, ਮੀਨਾ ਰਾਜਪੂਤ ਲੈਕਚਰਾਰ ਲਾਲੜੂ ਸਕੂਲ ਅਤੇ ਅਮਿ੍ਰਤਪਾਲ ਸਿੰਘ ਲੈਕਚਰਾਰ ’ਤੇ ਆਧਾਰਿਤ ਸਵੀਪ ਟੀਮ ਵੱਲੋਂ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਨੁੱਕੜ ਨਾਟਕ ‘ਸਾਡੀ ਵੋਟ ਸਾਡੀ ਅਵਾਜ਼’ ਪੇਸ਼ ਕੀਤਾ ਗਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਦੇ ਉਨ੍ਹਾਂ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਪ੍ਰਤੀਸ਼ੱਤਤਾ ਔਸਤ ਤੋਂ ਘੱਟ ਦਰਜ ਕੀਤੀ ਗਈ ਸੀ, ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 112-ਡੇਰਾਬੱਸੀ ਵਿਧਾਨ ਸਭਾ ਹਲਕਾ, ਪਾਰਲੀਮਾਨੀ ਹਲਕਾ 13-ਪਟਿਆਲਾ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੇ ਆਦੇਸ਼ਾਂ ’ਤੇ ਹੋਲੀ ਵਾਲੇ ਦਿਨ ਚੰਡੀਗੜ੍ਹ-ਜ਼ੀਰਕਪੁਰ ਰੋਡ ’ਤੇ ਸਥਿਤ ਥੀਮ ਪਾਰਕਾਂ ਅਤੇ ਰਿਜ਼ਾਰਟਾਂ ’ਚ ਹੋਲੀ ਸਮਾਗਮਾਂ ਦੌਰਾਨ ਸਵੀਪ ਗਤੀਵਿਧੀਆਂ ਕਰਕੇ ਵੀ ਉੱਥੇ ਆਏ ਲੋਕਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਗਿਆ ਸੀ। ਐਸ ਡੀ ਐਮ ਅਨੁਸਾਰ ਡੇਰਾਬੱਸੀ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਅਪਾਰਟਮੈਂਟਸ (ਹਾਈ ਰਾਈਜ਼ ਬਿਲਡਿੰਗਜ਼) ਵਿੱਚ ਰਹਿਣ ਵਾਲੇ ਮਤਦਾਤਾਵਾਂ ਦੀ ਵੋਟ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਤੇ ਐਸ ਡੀ ਐਮ ਦਫ਼ਤਰ ਦਾ ਹੋਰ ਸਟਾਫ਼ ਵੀ ਮੌਜੂਦ ਸੀ।

[wpadcenter_ad id='4448' align='none']