ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰਾ ਬੋਰਡ ਚੋਣਾਂ ਲਈ ਵੋਟਰ ਬਣਨ ਦੇ ਅਮਲ ਨੂੰ ਤੇਜ਼ ਕਰਨ ਲਈ ਗੁਰਦੁਆਰਾ ਸਾਹਿਬਾਨਾਂ ਤੱਕ ਪਹੁੰਚ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ,12 ਜਨਵਰੀ, 2024:

ਗੁਰਦੁਆਰਾ ਬੋਰਡ (ਐਸ ਜੀ ਪੀ ਸੀ) ਚੋਣਾਂ ਲਈ ਵੱਧ ਤੋਂ ਵੱਧ ਵੋਟਰਾਂ ਦੀ  ਰਜਿਸਟ੍ਰੇਸ਼ਨ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ 29 ਫਰਵਰੀ, 2024 ਨੂੰ ਸਮਾਪਤ ਹੋਣ ਜਾ ਰਹੀ ਨਵੇਂ ਵੋਟ ਬਣਾਉਣ ਮੁਹਿੰਮ ਨੂੰ ਅੱਗੇ ਵਧਾਉਣ ਲਈ ਗੁਰਦੁਆਰਾ ਕਮੇਟੀਆਂ ਨੂੰ ਨਾਲ ਜੋੜਨ ਲਈ ਗੁਰਦੁਆਰਾ ਸਾਹਿਬਾਨਾਂ ਤੱਕ ਪਹੁੰਚ ਕੀਤੀ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਉਪ ਮੰਡਲ ਮੈਜਿਸਟ੍ਰੇਟ ਚੰਦਰਜੋਤੀ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਦਾ ਦੌਰਾ ਕੀਤਾ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਸਿੱਖ ਵੋਟਰਾਂ ਨੂੰ ਨਿਰਧਾਰਤ ਮਿਤੀ 29 ਫਰਵਰੀ ਤੱਕ ਵੋਟਰ ਬਣਨ ਲਈ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਲਈ ਜਾਗਰੂਕ ਕਰਨ।

     ਉਨ੍ਹਾਂ ਕਿਹਾ ਕਿ ਸਮੀਖਿਆ ਮੀਟਿੰਗ ਦੌਰਾਨ ਪਤਾ ਲੱਗਾ ਕਿ ਹੁਣ ਤੱਕ ਪ੍ਰਾਪਤ ਹੋਏ ਕੁੱਲ ਫਾਰਮਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਪੇਂਡੂ ਵੋਟਰਾਂ ਨੇ ਆਪਣੇ ਹਲਕੇ ਦੇ ਮਾਲ ਪਟਵਾਰੀਆਂ ਅਤੇ ਸ਼ਹਿਰੀ ਵੋਟਰਾਂ ਨੇ ਸਥਾਨਕ ਨਗਰ ਕੌਂਸਲ ਕੋਲ ਫਾਰਮ ਜਮ੍ਹਾਂ ਕਰਵਾਉਣੇ ਹੁੰਦੇ ਹਨ, ਇਸ ਲਈ ਸਾਨੂੰ ਗੁਰਦੁਆਰਾ ਬੋਰਡ ਚੋਣਾਂ ਦੇ ਵੋਟਰ ਬਣਨ ਲਈ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

     ਉਨ੍ਹਾਂ ਕਿਹਾ ਕਿ ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ ਵੱਲੋਂ ਫਾਰਮ-1 ਵਿੱਚ ਦਰਸਾਏ ਯੋਗ ਮਾਪਦੰਡਾਂ ਅਨੁਸਾਰ ਹਰੇਕ ਯੋਗ ਵੋਟਰ ਲਈ ਕੇਸਾਧਾਰੀ ਸਿੱਖ, ਦਾੜ੍ਹੀ ਨਾ ਕੱਟਣ ਵਾਲਾ, ਤੰਬਾਕੂਨੋਸ਼ੀ ਨਾ ਕਰਨ ਵਾਲਾ, ਸ਼ਰਾਬ ਨਾ ਪੀਣ ਵਾਲਾ ਆਦਿ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵੋਟਰ ਦੀ ਉਮਰ 21 ਸਾਲ ਜਾਂ ਵਧੇਰੇ ਹੋਣੀ ਲਾਜ਼ਮੀ ਹੈ।

     ਉਨ੍ਹਾਂ ਅੱਗੇ ਕਿਹਾ ਕਿ ਪਟਵਾਰੀਆਂ ਅਤੇ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਸਥਾਨਕ ਗੁਰਦੁਆਰਾ ਕਮੇਟੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਈ ਇੱਕ ਦਿਨ ਨਿਸ਼ਚਿਤ ਕਰਨਾ ਚਾਹੀਦਾ ਹੈ। ਕੈਂਪ ਲਗਾਉਣ ਤੋਂ ਪਹਿਲਾਂ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲਾਊਡ ਸਪੀਕਰਾਂ ਰਾਹੀਂ ਇਲਾਕਾ ਨਿਵਾਸੀਆਂ ਨੂੰ ਵਧ ਤੋਂ ਵਧ ਪ੍ਰਚਾਰ ਕਰਕੇ ਸੂਚਿਤ ਕੀਤਾ ਜਾਵੇ। ਉਨ੍ਹਾਂ ਹਲਕਾ ਪਟਵਾਰੀ ਵੱਲੋਂ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਲਗਾਏ ਗਏ ਕੈਂਪ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਇਸ ਵਿਸ਼ੇਸ਼ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

[wpadcenter_ad id='4448' align='none']