ਜ਼ਿਲ੍ਹਾ ਚੋਣ ਅਫਸਰ ਨੇ ਆਗਾਮੀ ਲੋਕ ਸਭਾ ਚੋਣਾਂ ਸੰਬੰਧੀ ਸਮੂਹ ਨੋਡਲ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਿਰੋਜ਼ਪੁਰ, 11 ਮਾਰਚ 2024 :

          ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਪਾਰਦਰਸ਼ੀ ਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਵੋਟਰਾਂ ਦੀ ਸੁਰੱਖਿਆ ਤੇ ਸਹੂਲਤ ਲਈ ਪੁਖਤਾ ਇੰਤਜ਼ਾਮ ਕਰਨ ਸੰਬੰਧੀ ਏ.ਆਰ.ਓਜ਼, ਨੋਡਲ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਅਤੇ ਐਸ.ਡੀ.ਐਮ. ਫ਼ਿਰੋਜ਼ਪੁਰ ਸ੍ਰੀਮਤੀ ਚਾਰੂਮਿਤਾ ਵੀ ਹਾਜ਼ਰ ਸਨ।

          ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਨੂੰ ਪਾਰਦਰਸ਼ੀ ਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਹਰੇਕ ਵਿਭਾਗ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਚੋਣ ਡਿਊਟੀ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਅਗਾਮੀ ਲੋਕ ਸਭਾ ਦੀਆਂ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਤਾਂ ਜੋ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਤੁਰੰਤ ਕੰਮ ਸ਼ੁਰੂ ਕੀਤਾ ਜਾ ਸਕੇ।

          ਉਨ੍ਹਾਂ ਕਿਹਾ ਕਿ ਉਹ ਆਪਣੇ-ਆਪਣੇ ਹਲਕੇ ਅੰਦਰ ਕੰਮ ਕਰਨ ਵਾਲੇ ਸਟਾਫ ਦੀਆਂ ਡਿਊਟੀਆਂ ਲਗਾਉਣ ਲਈ ਲਿਸਟਾਂ ਤਿਆਰ ਕਰ ਲੈਣ ਇਸ ਤੋਂ ਇਲਾਵਾ ਵੱਖ-ਵੱਖ ਟੀਮਾਂ ਗਠਿਤ ਕਰਕੇ ਸੋਸ਼ਲ ਮੀਡੀਆ ਗਰੁੱਪ ਬਣਾ ਲੈਣ ਤਾਂ ਜੋ ਵੋਟਾਂ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

          ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਨ ਵਿਚ ਜੇਕਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਨੋਡਲ ਅਫ਼ਸਰ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਗਈਆਂ ਹਦਾਇਤਾਂ ਵਾਲਾ ਕਿਤਾਬਚਾ ਜ਼ਰੂਰ ਪੜ੍ਹ ਲੈਣ ਅਤੇ ਸਮੇਂ-ਸਮੇਂ ‘ਤੇ ਆਉਣ ਵਾਲੀਆਂ ਹਦਾਇਤਾਂ ਵੀ ਪੜ੍ਹਦੇ ਰਹਿਣ ਤਾਂ ਜੋ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਗਠਿਤ ਕੀਤੀਆਂ ਗਈਆਂ ਟੀਮਾਂ ਦਾ ਵਟੱਸਐਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਚੋਣਾਂ ਸਬੰਧੀ ਜਾਣਕਾਰੀ ਸਮੇਂ-ਸਮੇਂ ਤੇ ਆਪਸ ਵਿੱਚ ਸਾਂਝੀ ਕੀਤੀ ਜਾ ਸਕੇ।

          ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸੂਰਜ ਕੁਮਾਰ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਡੀ.ਈ.ਓ. (ਪ੍ਰਾ.ਸਿੱ) ਨੀਲਮ ਰਾਣੀ, ਏ.ਸੀ.ਐਫ.ਏ. ਹਰਜਸਦੀਪ ਸਿੰਘ ਸਿੱਧੂ, ਡੀ.ਡੀ.ਐਫ. ਸੌਰਭ ਕੁਮਾਰ, ਪ੍ਰਿੰਸੀਪਲ ਜਗਦੀਪ ਪਾਲ ਸਿੰਘ, ਪਲੇਸਮੈਂਟ ਅਫ਼ਸਰ ਗੁਰਜੰਟ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

[wpadcenter_ad id='4448' align='none']