ਜ਼ਿਲ੍ਹਾ ਚੋਣ ਅਫਸਰ ਵੱਲੋਂ ਚੋਣ ਅਮਲ ਦੌਰਾਨ ਨਸ਼ਿਆਂ ਅਤੇ ਗੈਰ ਕਾਨੂੰਨੀ ਸਰਾਬ ਆਦਿ ਦੇ ਵਰਤਾਰੇ ਨੂੰ ਰੋਕਣ ਲਈ ਪੁਲਿਸ ਤੇ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਫਿਰੋਜ਼ਪੁਰ 5 ਅਪ੍ਰੈਲ 2024….

                             ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲ ਦੌਰਾਨ ਨਸ਼ਿਆਂ ਅਤੇ ਗੈਰ ਕਾਨੂੰਨੀ ਸਰਾਬ ਆਦਿ ਦੇ ਵਰਤਾਰੇ ਨੂੰ ਰੋਕਣ ਲਈ ਪੁਲਿਸ ਤੇ ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਐੱਸ.ਪੀ.ਡੀ. ਸ੍ਰੀ ਰਣਧੀਰ ਕੁਮਾਰ ਅਤੇ ਈ.ਟੀ.ਓ ਸ੍ਰੀ. ਰਜਨੀਸ਼ ਬੱਤਰਾ ਅਤੇ ਤਹਿਸੀਲਦਾਰ ਚੋਣਾਂ ਸ੍ਰੀ. ਚਾਂਦ ਪ੍ਰਕਾਸ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

          ਇਸ ਮੌਕੇ ਜ਼ਿਲਾ ਚੋਣ ਅਫਸਰ ਸ੍ਰੀ. ਰਾਜੇਸ਼ ਧੀਮਾਨ ਨੇ ਸਰਾਬ ਦੀ ਅੰਤਰਰਾਜ਼ੀ ਸਮਗਲਿੰਗ ਨੂੰ ਰੋਕਣ, ਗਵਾਂਢੀ ਜ਼ਿਲ੍ਹਿਆਂ ਦੀਆਂ ਹੱਦਾਂ ਤੇ ਪੁਲਿਸ ਨਾਕੇ, ਅੰਤਰਰਾਸ਼ਟਰੀ ਸਰਹੱਦ ਤੇ ਨਸ਼ਿਆਂ ਨੂੰ ਰੋਕਣ ਲਈ ਹੋਰ ਚੌਕਸੀ ਵਧਾਉਣ, ਐਕਸਾਈਜ਼ ਵਿਭਾਗ ਅਧੀਨ ਸਰਾਬ ਦੇ ਠੇਕਿਆਂ, ਸਟੋਰਾਂ ਦੀ ਨਿਯਮਿਤ ਚੈਕਿੰਗ, ਗੈਰ ਕਾਨੂੰਨੀ ਸਰਾਬ ਅਤੇ ਲਾਹਣ ਸਬੰਧੀ ਰੁਟੀਨ ਚੈਕਿੰਗ, ਸਰਾਬ ਦੀ ਗੈਰ ਕਾਨੂੰਨੀ ਢੋਆ ਢੁਆਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਤੇ ਐਕਸਾਇਜ਼ ਵਿਭਾਗ ਨੂੰ ਸ਼ੱਕੀ ਸਟੋਰਾਂ ਦੀ ਚੈਕਿੰਗ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਤੇ ਵੀ ਗੈਰ ਕਾਨੂੰਨੀ ਸਰਾਬ ਦਾ ਜ਼ਖੀਰਾ ਨਾ ਹੋਵੇ। ਉਨ੍ਹਾਂ ਐਕਸਾਇਜ਼ ਵਿਭਾਗ ਤੇ ਪੁਲਿਸ ਵਿਭਾਗ ਵਿਚਾਲੇ ਤਾਲਮੇਲ ਹੋਰ ਵਧਾਉਣ ਲਈ ਵੀ ਜੋਰ ਦਿੱਤਾ। ਇਸ ਮੌਕੇ ਐਕਸਾਇਜ਼ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਕਰਦਿਆਂ ਗੈਰ ਕਾਨੂੰਨੀ ਸਰਾਬ ਸਟੋਰੇਜ਼ ਕਰਨ ਵਾਲਿਆਂ ਸਬੰਧੀ ਕੀਤੀਆਂ ਕਾਰਵਾਈਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ। 

[wpadcenter_ad id='4448' align='none']