ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ 27 ਅਪ੍ਰੈਲ
             ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਭਾਰੀ ਸਕੱਤਰ ਸ੍ਰੀ ਰਾਹੁਲ ਤਿਵਾੜੀ ਆਈ ਏਐਸ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਨੇ ਵੱਖ—ਵੱਖ ਮੰਡੀਆਂ ਦਾ ਦੌਰਾ ਕਰਦਿਆਂ ਆਖਿਆ ਕਿ ਕਣਕ ਦੇ ਖਰੀਦ ਪ੍ਰਬੰਧਾਂ ਵਿੱਚ ਕੋਈ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਨੇ ਅਣਗਹਿਲੀ ਕੀਤੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਨਾਲੋਂ ਨਾਲ ਕਣਕ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ ਦੇ ਨਾਲ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ ਏ ਐਸ ਵੀ ਹਾਜ਼ਰ ਸਨ।
                 ਇਸ ਮੌਕੇ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਬੀਤੇ ਕੱਲ 56704 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਜਦਕਿ ਹੁਣ ਤੱਕ ਕੁੱਲ 4,53269 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ।ਬੀਤੇ ਕੱਲ ਜਿਲੇ ਵਿੱਚ 57,997 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਅਤੇ ਹੁਣ ਤੱਕ ਜਿ਼ਲ੍ਹੇ ਵਿੱਚ ਕੁੱਲ 409431 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਿਰਫ ਬੀਤੇ ਕੱਲ ਵਿੱਚ ਹੀ ਜਿ਼ਲ੍ਹੇ ਵਿੱਚ 23532 ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ।
              ਉਨਾਂ ਨੇ ਦੱਸਿਆ ਕਿ ਕਣਕ ਦੀ ਅਦਾਇਗੀ ਖਰੀਦ ਦੇ 48 ਘੰਟੇ ਵਿੱਚ ਕਰਨ ਦੇ ਨਿਯਮ ਹਨ ਅਤੇ ਇਸ ਨਿਯਮ ਅਨੁਸਾਰ 48 ਘੰਟੇ ਪਹਿਲਾਂ ਤੱਕ ਖਰੀਦੀ ਗਈ ਕਣਕ ਦੇ ਬਦਲੇ ਕਿਸਾਨਾਂ ਨੂੰ 667 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਹੁਣ ਤੱਕ 700 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਭਾਵ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਜਾ ਰਹੀ ਹੈ।
             ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿ਼ਲ੍ਹੇ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਲਿਫਟਿੰਗ ਦਾ ਕੰਮ ਪਹਿਲਾਂ ਹੀ ਆੜਤੀਆਂ ਨੂੰ ਦੇ ਦਿੱਤਾ ਗਿਆ ਹੈ ਅਤੇ ਹੁਣ ਸ੍ਰੀ ਮੁਕਤਸਰ ਸਾਹਿਬ ਅਤੇ ਬਰੀਵਾਲਾ ਕਲਸਟਰਾਂ ਵਿੱਚ ਟਰਾਂਸਪੋਰਟਰ ਵੱਲੋਂ ਟਰੱਕ ਮੁਹਈਆ ਕਰਵਾਉਣ ਵਿੱਚ ਅਸਫਲ ਰਹਿਣ ਤੇ ਉਸਦਾ ਠੇਕਾ ਰੱਦ ਕਰਕੇ ਸਾਰਾ ਕੰਮ ਹੀ ਆੜਤੀਆਂ ਨੂੰ ਦੇ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਇਹਨਾਂ ਮੰਡੀਆਂ ਵਿੱਚ ਲਿਫਟਿੰਗ ਦੀ ਬਣਦੀ ਰਕਮ ਦੀ ਅਦਾਇਗੀ ਆੜਤੀਆਂ ਦੇ ਬੈਂਕ ਖਾਤੇ ਵਿੱਚ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਆੜਤੀਏ ਟਰੱਕਾਂ ਜਾਂ ਟਰੈਕਟਰ ਟਰਾਲੀਆਂ ਨਾਲ ਲਿਫਟਿੰਗ ਕਰ ਸਕਦੇ ਹਨ। ਉਨਾਂ ਨੇ ਆਖਿਆ ਕਿ ਜਿਹੜੇ ਟਰੱਕ ਆਪਰੇਟਰ ਜਾਂ ਟਰੈਕਟਰ ਟਰਾਲੀ ਆਪਰੇਟਰ ਆਪਣੀਆਂ ਵਾਹਨਾਂ ਨਾਲ ਕਣਕ ਦੀ ਢੋਆ ਢੁਆਈ ਕਰਨਾ ਚਾਹੁੰਦੇ ਹਨ ਉਹ ਹੁਣ ਸਿੱਧੇ ਆੜਤੀਆਂ ਨਾਲ ਸੰਪਰਕ ਕਰਨ।
               ਉਹਨਾਂ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਹੁਣ ਤੱਕ ਪਨਗਰੇਨ ਵੱਲੋਂ 100792 ਮੀਟਰਿਕ ਟਨ, ਮਾਰਕਫੈਡ ਵੱਲੋਂ 122427 ਮੀਟਰਿਕ ਟਨ, ਪਨਸਪ ਵੱਲੋਂ 89082 ਮੀਟ੍ਰਿਕ ਟਨ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 94,015 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਇਸ ਮੌਕੇ ਕਿਹਾ ਕਿ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਆਪਣੇ ਦੌਰੇ ਦੌਰਾਨ ਸ੍ਰੀ ਤਿਵਾੜੀ ਨੇ ਅਨਾਜ ਮੰਡੀ ਦੋਦਾ ਅਤੇ ਗਿੱਦੜਬਾਹਾ ਦਾ ਜਾਇਜਾ ਲੈਣ ਉਪਰੰਤ ਉਹਨਾਂ ਗਿੱਦੜਬਾਹਾ ਵਿਖੇ ਖਰੀਦ ਏਜੰਸੀਆਂ ਅਤੇ ਆੜਤੀਆਂ ਐਸੋਸੀਏਸ਼ਨ ਦੇ ਆਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਅਤੇ ਕਣਕ ਦੀ ਖਰੀਦ ਅਤੇ ਲਿਫਟਿੰਗ ਵਿੱਚ ਤੇਜੀ ਲਿਆਉਣ ਲਈ ਆਦੇਸ਼ ਦਿੱਤੇ।  
             ਇਸ ਮੌਕੇ ਉਹਨਾਂ ਦੇ ਨਾਲ ਐਸ ਡੀ ਐਮ ਬਲਜੀਤ ਕੌਰ, ਡਾ.ਅਜੀਤ ਪਾਲ ਸਿੰਘ ਐਸ.ਡੀ.ਐਮ. ਡੀਐਫਐਸਸੀ ਅਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

[wpadcenter_ad id='4448' align='none']