ਸ੍ਰੀ ਮੁਕਤਸਰ ਸਾਹਿਬ, 12 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ- ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਅੱਜ ਸੀ.ਜੀ.ਐੱਮ/ਸਕੱਤਰ ਡਾ. ਗਗਨਦੀਪ ਕੌਰ ਵੱਲੋ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਂਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ, ਜੋ ਕਿ ਜ਼ਿਲ੍ਹਾ ਜੇਲ੍ਹ ਵਿੱਚ ਹਰ ਰੋਜ਼ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ, ਉਹਨਾਂ ਵਿੱਚ ਹਰ ਰੋਜ਼ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜ਼ਮਾਨਤ ਸਬੰਧੀ ਅਤੇ ਹੋਰ ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਹਰੇਕ ਪੰਦਰਾ ਦਿਨਾਂ ਬਾਅਦ ਸਕੱਤਰ ਵੱਲੋ ਕੀਤੀ ਜਾਵੇਗੀ।
ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਵੱਲੋ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਸਦਾ ਨਿਪਟਾਰਾ ਕੀਤਾ ਗਿਆ। ਜੋ ਜੇਲ੍ਹ ਵਿੱਚ ਰਜਿਸਟਰ ਲਗਾਏ ਗਏ ਸਨ, ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਰਜਿਸਟਰ ਵਿੱਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ। ਜੇਲ੍ਹ ਦੌਰਾਨ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਕੈਦੀਆ/ਹਵਾਲਾਤੀਆਂ ਨੂੰ ਪਲੀ-ਬਾਰਗੇਨਿਗ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ 14 ਦਸੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜੇਕਰ ਕੋਈ ਧਿਰ ਆਪਣਾ ਕੇਸ ਲੋਕ ਅਦਾਲਤ ਰਾਹੀ ਨਿਪਟਾਉਣਾ ਚਾਹੁੰਦੀ ਹੈ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦੀ ਹੈ ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਚੀਫ ਡਿਫੈਂਸ ਕੌਂਸਲ, ਸ੍ਰੀ ਗੁਰਪ੍ਰੀਤ ਸਿੰਘ ਚੌਹਾਨ ਤੋਂ ਇਲਾਵਾ ਜ਼ੇਲ ਸੁਪਰਡੰਟ ਅਤੇ ਉਹਨਾਂ ਦਾ ਸਟਾਫ ਵੀ ਹਾਜ਼ਰ ਸੀ।