ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ ਮਨਾਇਆ ਜਾਵੇਗਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੁਲਾਈ, 2024:
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ 15 ਅਗਸਤ, 2024 ਨੂੰ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫ਼ੇਜ਼-6, ਮੋਹਾਲੀ ਦੇ ਗਰਾਊੂਂਡ ’ਚ ਮਨਾਇਆ ਜਾਵੇਗਾ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਸਮਾਗਮ ਦੀਆਂ ਤਿਆਰੀਆਂ ਦੀਆਂ ਜ਼ਿੰਮੇਂਵਾਰੀਆਂ ਸੌਂਪਣ ਉਪਰੰਤ ਦਿੱਤੀ।
ਉਨ੍ਹਾਂ ਕਿਹਾ ਕਿ ਕੌਮੀ ਮਹੱਤਵ ਦਾ ਦਿਹਾੜਾ ਹੋਣ ਕਾਰਨ ਹਰ ਇੱਕ ਵਿਭਾਗ ਨੂੰ ਆਪਣੀ ਜ਼ਿੰਮੇਂਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਆਖਿਆ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਬੈਂਡ, ਮਾਰਚ ਪਾਸਟ, ਸੁਰੱਖਿਆ ਪ੍ਰਬੰਧਾਂ ਅਤੇ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਅਗਾਊਂ ਰੂਪ ’ਚ ਕਰਨ ਲਈ ਆਖਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਨੂੰ ਇਸ ਦਿਹਾੜੇ ਮੌਕੇ ਕੱਢੀਆਂ ਜਾਣ ਵਾਲੀਆਂ ਵਿਕਾਸ ਝਾਕੀਆਂ ਦੀਆਂ ਤਿਆਰੀ ਕਰਵਾਉਣ ਲਈ ਕਿਹਾ ਗਿਆ ਜਦਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਸੁਤੰਤਰਤਾ ਦਿਹਾੜੇ ਮੌਕੇ ਦੇਸ਼ ਭਗਤੀ ਨਾਲ ਭਰਪੂਰ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਲਈ ਕਿਹਾ ਗਿਆ।
ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੂੰ ਇਸ ਮੌਕੇ ਬੈਠਣ ਦੀ ਤਰਤੀਬ ਤਿਆਰ ਕਰਨ ਅਤੇ ਸਮਾਗਮ ਵਾਲੀ ਥਾਂ ਨੂੰ ਜਾਂਦੀ ਸੜ੍ਹਕ ਦੀ ਸਾਫ਼-ਸਫ਼ਾਈ ਅਤੇ ਲੋੜੀਂਦੀ ਮੁਰੰਮਤ ਨਗਰ ਨਿਗਮ ਪਾਸੋਂ ਸਮੇਂ ਸਿਰ ਕਰਵਾਉਣ ਦੀ ਜ਼ਿੰਮੇਂਵਾਰੀ ਸੌਂਪੀ ਗਈ।
ਸਹਾਇਕ ਕਮਿਸ਼ਨਰ (ਜ) ਹਰਮਿੰਦਰ ਸਿੰਘ ਹੁੰਦਲ ਨੂੰ ਸਮਾਗਮ ਵਿਖੇ ਲਹਿਰਾਏ ਜਾਣ ਵਾਲੇ ਕੌਮੀ ਝੰਡੇ ਦਾ ਪ੍ਰਬੰਧ ਕਰਨ, ਸਮਾਗਮ ਨਾਲ ਸਬੰਧਤ ਸੱਦਾ-ਪੱਤਰ ਤਿਆਰ ਕਰਨ ਅਤੇ ਸਨਮਾਨਿਤ ਸਖਸ਼ੀਅਤਾਂ ਲਈ ਪ੍ਰਮਾਣ ਪੱਤਰ ਤਿਆਰ ਕਰਵਾਉਣ ਦਾ ਕਾਰਜ ਸੌਂਪਿਆ ਗਿਆ।
ਜ਼ਿਲ੍ਹਾ ਸਿਖਿਆ ਅਫ਼ਸਰ (ਸ) ਡਾ. ਗਿੰਨੀ ਦੁੱਗਲ ਨੂੰ ਸਮਾਗਮ ਦੌਰਾਨ ਰਾਸ਼ਟਰੀ ਗਾਇਨ ਲਈ ਵਿਦਿਆਰਥੀਆਂ ਦੀਆਂ ਟੀਮਾਂ ਤਿਆਰ ਕਰਵਾਉਣ, ਸਭਿਆਚਾਰਕ ਪ੍ਰੋਗਰਾਮ ਲਈ ਸਕੂਲਾਂ ਦੀ ਚੋਣ ਕਰਕੇ ਤਿਆਰੀ ਕਰਵਾਉਣ ਅਤੇ ਗਰਾਊਂਡ ’ਚ 13 ਅਗਸਤ ਨੂੰ ਹੋਣ ਵਾਲੀ ਫੁੱਲ ਡਰੈੱਸ ਰੀਹਰਸਲ ਅਤੇ ਉਸ ਤੋਂ ਪਹਿਲਾਂ ਤਿਆਰੀ ਅਤੇ ਤਾਲਮੇਲ ਲਈ ਹੋਣ ਵਾਲੀਆਂ ਰੀਹਰਸਲਾਂ ਦੀ ਤਿਆਰੀ ਦਾ ਜ਼ਿੰਮਾਂ ਸੌਂਪਿਆ ਗਿਆ।
ਸਿਵਲ ਸਰਜਨ ਦਫ਼ਤਰ ਨੂੰ ਗਰਾਊਂਡ ਵਿਖੇ ਹੋਣ ਵਾਲੀਆਂ ਰੀਹਰਸਲਾਂ ਅਤੇ ਸਮਾਗਮ ਵਾਕੇ ਦਿਨ ਮੈਡੀਕਲ ਟੀਮਾਂ ਤਾਇਨਾਤ ਕਰਨ ਅਤੇ ਬੱਚਿਆਂ ਅਤੇ ਮਹਿਮਾਨਾਂ ਨੂੰ ਦਿੱਤੇ ਜਾਣ ਵਾਲੇ ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਦੀ ਅਗਾਊਂ ਜਾਂਚ ਕਰਨ ਲਈ ਆਖਿਆ ਗਿਆ।
ਕਾਲਜ ਪ੍ਰਿੰਸੀਪਲ ਨੂੰ ਸਮਾਗਮ ਤੋਂ ਪਹਿਲਾਂ ਮੁੱਖ ਮਹਿਮਾਨ ਅਤੇ ਅਧਿਕਾਰੀਆਂ ਦੇ ਆਗਮਨ ਦੌਰਾਨ ਬੈਠਣ ਦੀ ਵਿਵਸਥਾ ਕਰਨ ਅਤੇ ਬਾਰਸ਼ੀ ਮੌਸਮ ਦੀ ਸੂਰਤ ’ਚ ਕਾਲਜ ਦੇ ਹਾਲ ਵਿੱਚ ਸਮਾਗਮ ਦੇ ਬਦਲਵੇਂ ਪ੍ਰਬੰਧ ਕਰਕੇ ਰੱਖਣ ਲਈ ਕਿਹਾ ਗਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਤ ਝਾਕੀਆਂ ਦੀ ਸੂਚੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸਮੇਂ ਸਿਰ ਸੌਂਪਣ ਲਈ ਆਖਿਆ। ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਆ ਜਾਣਾ ਹੈ, ਉਨ੍ਹਾਂ ਦੀ ਸਿਫ਼ਾਰਸ਼ ਅਗਲੀ ਮੀਟਿੰਗ ਤੋਂ ਪਹਿਲਾਂ ਭੇਜਣ ਲਈ ਕਿਹਾ।
ਮੀਟਿੰਗ ’ਚ ਸਹਾਇਕ ਕਮਿਸ਼ਨਰ ਨਗਰ ਨਿਗਮ ਰੰਜੀਵ ਕੁਮਾਰ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਕਲਮਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਰਮਨਦੀਪ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

[wpadcenter_ad id='4448' align='none']