ਐਸ.ਏ.ਐਸ.ਨਗਰ, 13 ਦਸੰਬਰ, 2023:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕੱਲ੍ਹ (14 ਦਸੰਬਰ, 2023) ਸਵੇਰੇ 11:00 ਵਜੇ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦਿੱਤੀ। ਪ੍ਰੋਗਰਾਮ ਵਾਲੇ ਸਥਾਨ ਤੇ ਪੁਲਿਸ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਨੁੱਕੜ ਨਾਟਕ, ਪੈਨਲ ਚਰਚਾ ਅਤੇ ਪ੍ਰੇਰਨਾਮਈ ਭਾਸ਼ਣ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ ਤਾਂ ਜੋ ਸਮਾਜ ਲਈ ਚੁਣੌਤੀ ਬਣੇ ਹੋਏ ਸੰਵੇਦਨਸ਼ੀਲ ਮੁੱਦੇ ‘ਤੇ ਚਰਚਾ ਨੂੰ ਸਾਰਥਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਨਾਮਵਰ ਹਸਤੀਆਂ, ਮਨੋਵਿਗਿਆਨੀ ਅਤੇ ਵਿਦਿਆਰਥੀ ਨਸ਼ਿਆਂ ਦੇ ਹਨੇਰੇ ਵਿੱਚ ਡੁੱਬੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝੇ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਪਹਿਲਾਂ ਹੀ ਇਨਫੋਰਸਮੈਂਟ ਦੇ ਆਪਣੇ ਫਰਜ਼ ‘ਤੇ ਕੰਮ ਕਰ ਰਹੀ ਹੈ ਪਰ ਜਾਗਰੂਕਤਾ ਅਤੇ ਸਿੱਖਿਆ ਦੀ ਲੋੜ ਵੀ ਸਮਾਜ ‘ਚੋਂ ਨਸ਼ਿਆਂ ਦੇ ਖਾਤਮੇ ਲਈ ਅਹਿਮ ਰੋਲ ਅਦਾ ਕਰ ਸਕਦੀ ਹੈ। ਮੀਟਿੰਗ ਵਿੱਚ ਐਸ.ਪੀ (ਐਚ) ਡਾ. ਜੋਤੀ ਯਾਦਵ, ਐਸ.ਪੀ ਸਿਟੀ-1 ਅਕਾਸ਼ਦੀਪ ਸਿੰਘ ਔਲਖ, ਐਸ.ਪੀ (ਟਰੈਫਿਕ ਅਤੇ ਇੰਡਸਟਰੀਅਲ ਸਕਿਉਰਿਟੀ) ਐਚ.ਐਸ ਮਾਨ, ਐਸ.ਪੀ (ਡੀ) ਅਮਨਦੀਪ ਬਰਾੜ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ, ਡੀ ਐਸ ਪੀ ਹਰਸਿਮਰਨ ਸਿੰਘ ਬੱਲ ਤੋਂ ਇਲਾਵਾ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਗਰੇਜ਼ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਸ਼ਾਮਲ ਸਨ।