ਕੁੱਤੇ ਦੇ ਕੱਟਣ ਦੇ ਮਾਮਲੇ; ਡੀ ਸੀ ਨੇ ਸਥਾਨਕ ਅਧਿਕਾਰੀਆਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਅਤੇ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਸਮੇਤ ਤੁਰੰਤ ਢੁਕਵੀਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ

ਐਸ.ਏ.ਐਸ.ਨਗਰ, 11 ਦਸੰਬਰ, 2023:
ਕੁੱਤਿਆਂ ਦੇ ਕੱਟਣ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸਥਾਨਕ ਅਧਿਕਾਰੀਆਂ ਨੂੰ ਕੁੱਤਿਆਂ ਦੇ ਕੱਟਣ ਦੇ ਖਤਰੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਢੁਕਵੀਂ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
     ਖਰੜ ਅਤੇ ਜ਼ੀਰਕਪੁਰ ਦੇ ਹਾਲ ਹੀ ਦੇ ਕੇਸਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਸਬੰਧਤ ਨਗਰ ਕੌਂਸਲਾਂ ਦੇ ਕਾਰਜਸਾਧਕ ਅਧਿਕਾਰੀਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਨ ਲਈ ਕਿਹਾ।
      ਉਨ੍ਹਾਂ ਨੇ ਸਥਾਨਕ ਸ਼ਹਿਰੀ ਸੰਸਥਾਵਾਂ ਨੂੰ ਪਸ਼ੂ ਜਨਮ ਨਿਯੰਤਰਣ (ਐਨਿਮਲ ਬਰਥ ਕੰਟਰੋਲ) ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਇਸ ਤੋਂ ਇਲਾਵਾ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਤੋਂ ਇਲਾਵਾ ਨਸਬੰਦੀ ਦੇ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਗਿਆ।
    ਨਗਰ ਨਿਗਮ ਮੋਹਾਲੀ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੇ ਏ ਬੀ ਸੀ ਪ੍ਰੋਗਰਾਮ ਤਹਿਤ ਹੁਣ ਤੱਕ 1174 ਕੁੱਤਿਆਂ ਦੀ ਨਸਬੰਦੀ ਕੀਤੀ ਹੈ। ਨਸਬੰਦੀ ਕੀਤੇ ਕੁੱਤਿਆਂ ਨੂੰ ਐਂਟੀ-ਰੇਬੀਜ਼ ਟੀਕੇ ਵੀ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਸ਼ੂ ਜਨਮ ਨਿਯੰਤਰਣ ਲਾਗੂ ਕਰਕੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਰੋਕਣ ਲਈ ਮੁਹਿੰਮ ਦੀ ਅਗਵਾਈ ਕਰਨ।
      ਉਨ੍ਹਾਂ ਕਾਰਜਸਾਧਕ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਕੁੱਤਿਆਂ ਦੇ ਕੱਟੇ ਜਾਣ ਦੇ ਸਾਹਮਣੇ ਆਏ ਮਾਮਲਿਆਂ ਦੀ ਪੈਰਵੀ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਨੁਸਾਰ ਕੁੱਤੇ ਦੇ ਕੱਟਣ ਨਾਲ ਸਬੰਧਤ ਮਾਮਲਿਆਂ ਵਿੱਚ, ਵਿੱਤੀ ਸਹਾਇਤਾ ਘੱਟੋ ਘੱਟ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ ਦੇ ਹਿਸਾਬ ਨਾਲ ਹੋਵੇਗੀ ਅਤੇ ਜਿੱਥੇ ਮਾਸ ਚਮੜੀ ਤੋਂ ਬਾਹਰ ਆ ਗਿਆ ਹੈ, ਇਹ ਘੱਟੋ ਘੱਟ  20,000 ਰੁਪਏ ਪ੍ਰਤੀ 0.2 ਸੈਂਟੀਮੀਟਰ ਜ਼ਖ਼ਮ ਦੀ ਡੂੰਘਾਈ ਦੇ ਹਿਸਾਬ ਨਾਲ ਹੋਵੇਗੀ।
    ਉਨ੍ਹਾਂ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਗਮਾਡਾ ਅਧੀਨ ਆਉਂਦੇ ਖੇਤਰਾਂ ਵਿੱਚ ਨੇੜਲੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਮਦਦ ਨਾਲ ਏ ਬੀ ਸੀ ਪ੍ਰੋਗਰਾਮ ਚਲਾਉਣ ਲਈ ਵੀ ਕਿਹਾ।
ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ ਚੌਹਾਨ ਨੂੰ ਇਸ ਪ੍ਰੋਗਰਾਮ ਨੂੰ ਪੇਂਡੂ ਖੇਤਰ ਵਿੱਚ ਲਾਗੂ ਕਰਨ ਦੇ ਨਿਰਦੇਸ਼ ਦਿੰਦਿਆਂ ਧਾਰਾ 133 ਤਹਿਤ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਪ੍ਰਾਪਤ ਕਰਨ ਲਈ ਸਥਾਨਕ ਐਸ.ਡੀ.ਐਮਜ਼ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ।
    ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਾਕਰਨ ਤਿੜਕੇ , ਐਸ ਪੀ (ਸਿਟੀ-1) ਅਕਾਸ਼ਦੀਪ ਸਿੰਘ ਔਲਖ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ.ਡੀ.ਐਮਜ਼ ਚੰਦਰਜੋਤੀ ਸਿੰਘ ਮੋਹਾਲੀ, ਹਿਮਾਂਸ਼ੂ ਗੁਪਤਾ ਡੇਰਾਬੱਸੀ, ਏ.ਸੀ.ਏ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਏ.ਸੀ.(ਜ) ਹਰਜੋਤ ਕੌਰ ਮਾਵੀ, ਸੀ.ਐਮ.ਐਫ.ਓ ਇੰਦਰ ਪਾਲ ਤੋਂ ਇਲਾਵਾ ਵੱਖ-ਵੱਖ ਨਗਰ ਕੌਂਸਲਾਂ ਅਤੇ ਵਿਕਾਸ ਬਲਾਕਾਂ ਦੇ ਈ.ਓਜ਼ ਅਤੇ ਬੀ.ਡੀ.ਪੀ.ਓ. ਮੌਜੂਦ ਸਨ।

[wpadcenter_ad id='4448' align='none']