ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ

ਫਾਜ਼ਿਲਕਾ 1 ਮਈ

ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਸ੍ਰੀ ਕਰਨਵੀਰ ਸਿੰਘ, ਐਸ.ਪੀ( ਓਪਰੇਸ਼ਨ) ਦੀ ਨਿਗਰਾਨੀ ਹੇਠ ਸਮੂਹ ਹਲਕਾ ਅਫਸਰਾਂ ਅਤੇ ਮੁੱਖ ਅਫਸਰਾਂ ਵਲੋਂ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਜਿਲ੍ਹਾ ਫਾਜਿਲਕਾ ਵਿਚ ਡਰੱਗ ਹੌਟਸਪੋਟ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ ਹੈ।

ਸਬ ਡਵੀਜਨ ਜਲਾਲਾਬਾਦ ਵਿੱਚ ਇਸ ਸਰਚ ਅਪ੍ਰੇਸ਼ਨ ਦੀ ਅਗਵਾਈ ਸ੍ਰੀ ਅੱਛਰੂ ਰਾਮ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਵੱਲੋਂ ਕੀਤੀ ਗਈ। ਜਿਸ ਦੌਰਾਨ ਮੁੱਖ ਅਫਸਰ ਥਾਣਾ ਅਮੀਰ ਖਾਸ, ਸਿਟੀ ਜਲਾਲਾਬਾਦ, ਸਦਰ ਜਲਾਲਾਬਾਦ, ਅਰਨੀਵਾਲਾ ਅਤੇ ਵੈਰੋਕਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਗਠਿਤ ਕਰਕੇ ਸਬ ਡਵੀਜਨ ਜਲਾਲਾਬਾਦ ਅਧੀਨ ਪੈਂਦੇ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ।

ਸਬ ਡਵੀਜਨ ਫਾਜਿਲਕਾ ਵਿੱਚ ਸ੍ਰੀ ਸ਼ੁਬੇਗ ਸਿੰਘ ਡੀ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ, ਸਦਰ ਫਾਜਿਲਕਾ ਅਤੇ ਖੂਈ ਖੇੜਾ ਵੱਲੋਂ ਵੱਖ ਵੱਖ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰਾਂ ਸਬ ਡਵੀਜਨ ਅਬੋਹਰ ਵਿਖੇ ਸ੍ਰੀ ਅਰੁਣ ਮੁੰਡਨ ਡੀ.ਐਸ.ਪੀ ਅਬੋਹਰ ਸ਼ਹਿਰੀ ਅਤੇ ਸ੍ਰੀ ਸੁਖਵਿੰਦਰ ਸਿੰਘ ਡੀ.ਐਸ.ਪੀ. ਅਬੋਹਰ ਦਿਹਾਤੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ, ਸਿਟੀ-2 ਅਬੋਹਰ ਅਤੇ ਖੂਈਆਂ ਸਰਵਰ, ਸਦਰ ਅਬੋਹਰ ਅਤੇ ਬਹਾਵ ਵਾਲਾ ਵੱਲੋਂ ਸਰਚ ਅਭਿਆਨ ਚਲਾਇਆ ਗਿਆ।

ਇਸ ਅਪ੍ਰੇਸ਼ਨ ਦੌਰਾਨ ਫਾਜ਼ਿਲਕਾ ਦੀਆਂ ਚਾਰੋ ਸਬ ਡਵੀਜ਼ਨਾਂ ਵਿੱਚ 300 ਪੁਲਿਸ ਜਵਾਨਾਂ ਦੀਆਂ ਪੁਲਿਸ ਪਾਰਟੀਆਂ ਬਣਾ ਕੇ 139 ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ ਗਿਆ, ਜਿਹਨਾਂ ਵਿੱਚੋਂ 23 ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ ਅਤੇ 05 ਵਹੀਕਲਾਂ ਨੂੰ ਜ਼ਬਤ ਕੀਤਾ ਗਿਆ। ਇਸ ਅਪ੍ਰੇਸ਼ਨ ਦੌਰਾਨ 02 ਮੁਕੱਦਮੇ ਦਰਜ ਕਰਦਿਆਂ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀਸ਼ੁਦਾ 02 ਟ੍ਰੈਕਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਇਸ ਅਪ੍ਰੇਸ਼ਨ ਬਾਰੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਾਜਿਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ ਲਈ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ-ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਭਿਆਨ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਨਸ਼ੇ ਦਾ ਕੰਮ ਕਰਨ ਵਾਲਿਆਂ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।

[wpadcenter_ad id='4448' align='none']