ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ

dreams of Shaheed Bhagat Singh
dreams of Shaheed Bhagat Singh

ਸ਼ਹੀਦ ਦੇ ਜੱਦੀ ਪਿੰਡ ਵਿੱਚ ਜਾ ਕੇ ਕੀਤੀ ਸ਼ਰਧਾਂਜਲੀ ਭੇਟ

ਸੁਤੰਤਰਤਾ ਸੰਗਰਾਮ ਬਾਰੇ ਦੱਸਣ ਲਈ ਵਿਰਾਸਤੀ ਗਲੀ ਸਣੇ ਖਟਕੜ ਕਲਾਂ ਦੇ ਸਮੁੱਚੇ ਵਿਕਾਸ ਦਾ ਕੀਤਾ ਐਲਾਨ

ਸ਼ਹੀਦਾਂ ਦੀ ਕਲਪਨਾ ਵਾਲਾ ਸਮਾਜ ਸਿਰਜਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ ਸੂਬਾ ਸਰਕਾਰ ਇਸ ਮਕਸਦ ਦੀ ਪੂਰੀ ਲਈ ਪੂਰਾ ਸਹਿਯੋਗ ਤੇ ਤਾਲਮੇਲ ਕਰੇਗੀ।

ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਧਰਤੀ ਮਾਂ ਦੇ ਸੱਚੇ ਸਪੂਤ ਵੱਲੋਂ ਦਿੱਤੇ ਮਹਾਨ ਬਲੀਦਾਨ ਬਾਰੇ ਚੇਤੇ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਸਾਨੂੰ ਹਮੇਸ਼ਾ ਬੇਇਨਸਾਫ਼ੀ, ਜੁਲਮ ਅਤੇ ਦਮਨ ਖ਼ਿਲਾਫ਼ ਖੜ੍ਹੇ ਹੋਣ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਸਮਾਜ ਵਿੱਚ ਫੈਲੀਆਂ ਸਾਰੀਆਂ ਕੁਰੀਤੀਆਂ ਵਿਰੁੱਧ ਅਸੀਂ ਜੰਗ ਛੇੜੀਏ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ਰਜ਼ ਹੈ ਕਿ ਉਹ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਪੰਜਾਬ ਮੁਲਕ ਭਰ ਵਿੱਚੋਂ ਮੋਹਰੀ ਸੂਬਾ ਬਣ ਕੇ ਉੱਭਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਵੱਲੋਂ ਸੰਜੋਏ ਸੁਪਨਿਆਂ ਨੂੰ ਪੂਰਾ ਕਰਨ ਅਤੇ ਫਿਰਕੂ ਸਦਭਾਵਨਾ ਵਾਲਾ ਸਮਾਜ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਦੇ ਇਨ੍ਹਾਂ ਨੌਜਵਾਨ ਨਾਇਕਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਕਰਵਾਇਆ। ਭਗਵੰਤ ਮਾਨ ਨੇ ਕਿਹਾ ਕਿ ਧਰਤੀ ਮਾਂ ਦੇ ਇਸ ਮਹਾਨ ਸਪੂਤ ਵੱਲੋਂ ਦਰਸਾਏ ਮਾਰਗ ਉਤੇ ਚੱਲਦਿਆਂ ਖ਼ੁਸ਼ਹਾਲ ਸਮਾਜ ਸਿਰਜਣ ਲਈ ਪੰਜਾਬ ਸਰਕਾਰ ਆਪਣੀ ਪੂਰੀ ਵਾਹ ਲਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦਾ ਮਤਾ ਪਾਸ ਕੀਤਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਨੂੰ 75 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਮੁਲਕ ਅਜੇ ਵੀ ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ ਤੇ ਹੋਰ ਸਮਾਜਿਕ ਕੁਰੀਤੀਆਂ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਕੁਰੀਤੀਆਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ।

Also Read : ਗੁਜਰਾਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਦੋਸ਼ੀ ਪਾਇਆ: ਉਸਦੇ ਖਿਲਾਫ 2019 ਦਾ ਮਾਣਹਾਨੀ ਕੇਸ ਕੀ ਹੈ?

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀ ਖ਼ੁਸ਼ਹਾਲੀ ਲਈ ਕਈ ਲੋਕ-ਪੱਖੀ ਤੇ ਵਿਕਾਸ ਆਧਾਰਤ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕਦਮਾਂ ਦਾ ਇਕੋ-ਇਕ ਉਦੇਸ਼ ਸਾਡੇ ਮਹਾਨ ਸ਼ਹੀਦਾਂ ਵੱਲੋਂ ਸੰਜੋਏ ਸੁਪਨਿਆਂ ਵਾਲਾ ਸਮਾਜ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਵਿੱਚ ਵਿਰਾਸਤੀ ਗਲੀ ਦੇ ਨਿਰਮਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਤੇ ਪੰਜਾਬ ਦੇ ਸ਼ਾਨਾਮੱਤੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 850 ਮੀਟਰ ਲੰਮੀ ਇਹ ਵਿਰਾਸਤੀ ਗਲੀ ਖਟਕੜ ਕਲਾਂ ਵਿੱਚ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗਲੀ ਸੁਤੰਤਰਤਾ ਸੰਗਰਾਮ ਵਿੱਚ ਸੂਬੇ ਦੇ ਮਹਾਨ ਯੋਗਦਾਨ ਨੂੰ ਦਰਸਾਏਗੀ, ਉੱਥੇ ਨੌਜਵਾਨਾਂ ਨੂੰ ਦੇਸ਼ ਲਈ ਤਨਦੇਹੀ ਨਾਲ ਕੰਮ ਕਰਨ ਲਈ ਵੀ ਪ੍ਰੇਰੇਗੀ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਵਿੱਚ ਅਦਾਲਤ ਦਾ ਫਾਈਵ ਡੀ ਸੈੱਟਅੱਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫਾਈਵ ਡੀ ਕ੍ਰਿਏਟਿਵ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਦ੍ਰਿਸ਼ ਦਾ ਰੂਪਾਂਤਰਣ ਕਰੇਗਾ ਤਾਂ ਜੋ ਦਰਸ਼ਕਾਂ ਨੂੰ ਉਸ ਸਮੇਂ ਦਾ ਅਨੁਭਵ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਹ ਦਰਸ਼ਕਾਂ ਨੂੰ ਅਸਲ ਵਿੱਚ ਉਸ ਯੁੱਗ ਵਿੱਚ ਵਾਪਸ ਲੈ ਜਾਵੇਗਾ ਅਤੇ ਦੇਸ਼ ਲਈ ਇਸ ਨੌਜਵਾਨ ਨਾਇਕ ਦੁਆਰਾ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਸਦਾ ਤਾਜ਼ਾ ਰੱਖੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਨੂੰ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਸਾਰੇ ਪੰਜਾਬੀਆਂ ਲਈ ਪਵਿੱਤਰ ਹੈ ਅਤੇ ਇਸ ਦਾ ਚਹੁ-ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਆਪਣੇ ਅਹੁਦੇ ਦੀ ਸਹੁੰ ਵੀ ਇਸ ਪਵਿੱਤਰ ਧਰਤੀ ਉਤੇ ਚੁੱਕੀ ਸੀ।

ਇਸ ਦੌਰਾਨ ਮੁੱਖ ਮੰਤਰੀ ਨੇ ਸੁਰਿੰਦਰ ਕੌਰ, ਯਾਦਵਿੰਦਰ ਸਿੰਘ, ਪਵਨਦੀਪ ਕੌਰ, ਮਨਜੀਤ ਸਿੰਘ ਧਾਲੀਵਾਲ, ਸਤਵੰਤ ਸਿੰਘ, ਗੁਰਮੇਲ ਕੌੜਾ, ਕੁਲਦੀਪ ਕੌਰ, ਹਰਚਰਨ ਸਿੰਘ ਅਤੇ ਹੋਰਨਾਂ ਸਮੇਤ ਮਹਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਅਜਾਇਬ ਘਰ ਅਤੇ ਜੱਦੀ ਘਰ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸ਼ਹੀਦ ਦੇ ਪਿਤਾ ਕਿਸ਼ਨ ਸਿੰਘ ਦੀ ਸਮਾਧ ‘ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

[wpadcenter_ad id='4448' align='none']