ਸਰਕਾਰੀ ਸਕੀਮਾਂ ਦਾ ਲਾਭ ਲੁੱਟੋ, ਪਰ ਤ੍ਰੇਹ ਲੱਗੇ ਤੇ ਖੂਹ ਨਾ ਪੁੱਟੋ

ਫਰੀਦਕੋਟ 27 ਜੂਨ,

ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਵਾਂਝੇ ਰਹਿ ਰਹੇ 2.33 ਲੱਖ ਕਾਰਡ ਧਾਰਕਾਂ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਹ ਕਾਰਡ ਬਣਾਉਣ ਦੀ ਅਪੀਲ ਕੀਤੀ।

ਸਾਰੇ ਜਿਲ੍ਹਾ ਵਾਸੀਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕਿਸੇ ਬਿਮਾਰੀ ਦੀ ਚਪੇਟ ਵਿੱਚ ਆਉਣ ਉਪਰੰਤ ਹੀ ਲੋਕਾਂ ਵੱਲੋਂ ਇਹ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਕਾਰਡ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ 104 ਜਾਂ ਫਿਰ 82641-83409 ਨੰਬਰਾਂ ਜਾਂ ਫਿਰ ਸਿਵਲ ਹਸਪਤਾਲ ਵਿਖੇ ਦਫਤਰ, ਡਿਪਟੀ ਮੈਡੀਕਲ ਕਮਿਸ਼ਨਰ ਵਿਖੇ ਜਾ ਕੇ ਕਾਰਡ ਬਣਾਉਣ ਵਾਲੀ ਪ੍ਰਕਿਰਿਆ ਵਿੱਚ ਆਉਣ ਵਾਲੀ ਅੜਚਣ ਨੂੰ ਦੂਰ ਕਰਵਾਉਣ।

ਉਨ੍ਹਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਆਧਾਰ ਕਾਰਡ ਤੇ ਜੋ ਮੋਬਾਇਲ ਨੰਬਰ ਸਰਕਾਰ ਨੂੰ ਦਿੱਤਾ ਗਿਆ ਹੈ ਅਤੇ ਪ੍ਰਾਰਥੀ ਦਾ ਅਸਲ ਨੰਬਰ ਤਬਦੀਲ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੇਸਾਂ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ, ਜਿੰਨਾ ਵਿੱਚ ਪ੍ਰਾਰਥੀ ਨੇ ਆਪਣੇ ਆਧਾਰ ਕਾਰਡ ਤੇ ਨਾਮ ਜਾਂ ਜਨਮ ਮਿਤੀ ਵਿੱਚ ਬਦਲਾਅ ਕੀਤਾ ਹੈ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਅਜਿਹੀਆਂ ਔਕੜਾਂ ਨੂੰ ਸਰਕਾਰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਲਈ ਤੱਤਪਰ ਹੈ।

ਉਨ੍ਹਾਂ ਕਿਹਾ ਕਿ ਇਹ ਆਯੂਸ਼ਮਾਨ ਕਾਰਡ 6 ਕਿਸਮ ਦੀਆਂ ਕੈਟਾਗਰੀਆਂ ਲਈ ਤਜਵੀਜ ਕੀਤਾ ਗਿਆ ਹੈ। ਜਿੰਨਾ ਵਿੱਚ ਫ੍ਰੀ ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ, ਲੇਬਰ ਕਾਰਡ ਧਾਰਕ, ਛੋਟੇ ਉੱਦਮੀ ( ਪੈਨ ਕਾਰਡ ਧਾਰਕ), ਪੱਤਰਕਾਰ (ਪੀਲੇ ਅਤੇ ਐਕਰੀਡੇਸ਼ਨ ਕਾਰਡ ਧਾਰਕ), ਐਸ.ਈ.ਸੀ.ਸੀ. ਡਾਟਾ ਕਾਰਡ ਧਾਰਕ ਨੂੰ ਇਹ ਸੁਵਿਧਾ ਮੁਫਤ ਦਿੱਤੀ ਗਈ ਹੈ। ਇਨ੍ਹਾਂ ਕੈਟਾਗਰੀਆਂ ਵਿੱਚ ਪਹਿਲੀਆਂ 5 ਕੈਟਾਗਰੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੈਲਿਡ ਹਨ ਅਤੇ 6 ਵੀ ਕੈਟਾਗਰੀ ਸਾਰੇ ਭਾਰਤ ਲਈ ਯੋਗ ਹੈ। ਉਨ੍ਹਾਂ ਕਿਹਾ ਕਿ ਲੋਕ ਖੁਦ ਵੀ ਆਪਣੇ ਮੋਬਾਇਲ ਤੇ ਆਯੂਸ਼ਮਾਨ ਭਾਰਤ ਐਪ ਡਾਊਨਲੋਡ ਕਰਕੇ ਘਰ ਬੈਠਿਆਂ ਹੀ ਸੌਖੇ ਤਰੀਕੇ ਨਾਲ ਆਪਣਾ ਕਾਰਡ ਬਣਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 4,16,190 ਯੋਗ ਪ੍ਰਾਰਥੀ ਹਨ, ਜਿੰਨਾ ਵਿੱਚੋਂ 1,82,283 ਦੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣ ਚੁੱਕ ਹਨ, ਜਦੋਂ ਕਿ ਇਨ੍ਹਾਂ ਵਿੱਚ 2,33,907 ਕਾਰਡ ਪੈਡਿੰਗ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਯੋਗ ਪ੍ਰਾਰਥੀ ਆਪਣਾ ਆਯੂਸ਼ਮਾਨ ਭਾਰਤ ਕਾਰਡ ਜਲਦ ਤੋਂ ਜਲਦ ਬਣਵਾਉਣ।

[wpadcenter_ad id='4448' align='none']