ਲੁਧਿਆਣਾ, 17 ਦਸੰਬਰ – ਅੱਖਾਂ ਸਰੀਰ ਦਾ ਕੀਮਤੀ ਗਹਿਣਾ ਹਨ ਅਤੇ ਡਾਕਟਰ ਇਸ ਦੇ ਜੌਹਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਪੰਜਾਬ ਓਪਥੈਲਮੋਲੋਜੀਕਲ ਸੁਸਾਇਟੀ ਦੀ 25ਵੀਂ ਤਿੰਨ ਰੋਜ਼ਾ ਸਾਲਾਨਾ ਕਾਨਫਰੰਸ ਵਿਚ ਸ਼ਿਰਕਤ ਕਰਦਿਆਂ ਕੀਤਾ।
ਸਪੀਕਰ ਸੰਧਵਾ ਨੇ ਕਿਹਾ ਕਿ ਨੇਕ ਅਤੇ ਪੜ੍ਹੇ ਲਿਖੇ ਲੋਕਾਂ ਲਈ ਡਾਕਟਰੀ ਕਿੱਤਾ ਹੈ। ਸਾਲਾਂ ਦੀ ਮਿਹਨਤ ਅਤੇ ਅਧਿਐਨ ਤੋਂ ਬਾਅਦ, ਇੱਕ ਵਿਅਕਤੀ ਆਪਣੇ ਨਾਮ ਵਿੱਚ ਡਾਕਟਰ ਸ਼ਬਦ ਜੋੜਨ ਦੇ ਯੋਗ ਹੁੰਦਾ ਹੈ। ਇਹ ਕਿੱਤਾ ਸੇਵਾ ਨਾਲ ਸਬੰਧਤ ਹੈ, ਇਸ ਲਈ ਡਾਕਟਰਾਂ ਨੂੰ ਰੱਬ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਧਾਵਾ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਵਪਾਰੀਕਰਨ ਇੱਕ ਸੀਮਾ ਦੇ ਅੰਦਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਪੂਰੀ ਤਰ੍ਹਾਂ ਵਪਾਰ ਦੇ ਨਜ਼ਰੀਏ ਨਾਲ ਦੇਖਿਆ ਗਿਆ ਤਾਂ ਇਹ ਸੇਵਾ ਪਛੜ ਕੇ ਰਹਿ ਜਾਵੇਗੀ। ਉਨ੍ਹਾਂ ਡਾਕਟਰਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਾਕਟਰੀ ਕਿੱਤੇ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।ਇਸ ਦੌਰਾਨ ਸਪੀਕਰ ਸੰਧਵਾਂ ਨੇ ਦੂਜੇ ਰਾਜਾਂ ਦੇ ਡਾਕਟਰਾਂ ਨੂੰ ਵੀ ਵਿਧਾਨ ਸਭਾ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰਬੰਧਕਾਂ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਵੀ ਕੀਤਾ।
ਇਸ ਕਾਨਫਰੰਸ ਦੀ ਮੇਜ਼ਬਾਨੀ ਪੰਜਾਬ ਓਪਥੈਲਮੋਲੋਜੀਕਲ ਸੋਸਾਇਟੀ ਵੱਲੋਂ ਕੀਤੀ ਗਈ। ਲੁਧਿਆਣਾ ਦੇ ਪ੍ਰਧਾਨ ਪ੍ਰਿੰਸੀਪਲ ਡਾ. ਬਰਜਿੰਦਰ ਸਿੰਘ ਰਾਣਾ ਅਤੇ ਜਨਰਲ ਸਕੱਤਰ ਡਾ. ਨੀਰਜ ਅਰੋੜਾ ਨੇ ਦੱਸਿਆ ਕਿ ਕਾਨਫ਼ਰੰਸ ਵਿਚ 500 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਵਿੱਚ 200 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਜਾ ਰਹੇ ਹਨ। ਕਾਨਫਰੰਸ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ 10 ਘੰਟੇ ਦੇ ਸੀ.ਐਮ.ਈ. ਕ੍ਰੈਡਿਟ ਘੰਟੇ ਦਿੱਤੇ ਗਏ ਹਨ।