ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੂਨ:
ਆਤਮਾ ਸਕੀਮ ਅਧੀਨ ਵੀਰਵਾਰ ਨੂੰ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਰਮਨ ਕਰੋੜੀਆ ਦੀ ਪ੍ਰਧਾਨਗੀ ਹੇਠ ਪਿੰਡ ਨਿਹੋਲਕਾ ਵਿਖੇ ਫਾਰਮ ਸਕੂਲ ਲਗਾਇਆ ਗਿਆ। ਇਸ ਫਾਰਮ ਸਕੂਲ ਦਾ ਮਕਸਦ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਸੀ, ਜਿਸ ਤਹਿਤ ਪਿੰਡ ਨਿਹੋਲਕਾ ਦੇ ਕਿਸਾਨਾਂ ਨੂੰ ਸੋਇਆਬੀਨ ਦਾ ਬੀਜ ਮਹਿਕਮੇ ਵੱਲੋਂ ਆਤਮਾ ਸਕੀਮ ਅਧੀਨ ਮੁਹੱਈਆ ਕਰਵਾਇਆ ਗਿਆ, ਜਿਸ ਦੀ ਖੇਤ ਵਿਚ ਮੌਕੇ ਤੇ ਬਿਜਾਈ ਕਰਵਾ ਕੇ ਫਾਰਮ ਸਕੂਲ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਮਾਜਰੀ ਰਮਨ ਕਰੋੜੀਆ ਵਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਤਹਿਤ ਝੋਨੇ ਹੇਠ ਰਕਬਾ ਘਟਾ ਕੇ ਦਾਲਾਂ ਹੇਠ ਰਕਬਾ ( ਸੋਇਆਬੀਨ, ਮਾਂਹ) ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਸੋਇਆਬੀਨ ਦੀ ਫ਼ਸਲ ਬਾਰੇ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਫਾਰਮ ਸਕੂਲ ਵਿਚ ਆਤਮਾ ਸਟਾਫ ਦੇ ਏ .ਟੀ .ਐਮ. ਸ਼੍ਰੀਮਤੀ ਸਿਮਰਨਜੀਤ ਕੌਰ ਅਤੇ ਜਸਵੰਤ ਸਿੰਘ ਤੋਂ ਇਲਾਵਾ 30 ਕਿਸਾਨਾਂ ਨੇ ਭਾਗ ਲਿਆ |