ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨ 15 ਜੁਲਾਈ ਤੱਕ ਆਨ-ਲਾਈਨ ਪੋਰਟਲ ਤੇ ਆਪਣਾ ਨਾਮ ਕਰਾ ਸਕਦੇ ਹਨ ਦਰਜ਼

ਫਾਜਿਲਕਾ 11 ਜੁਲਾਈ
 ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ 1500 ਰੁਪਏ ਪ੍ਰਤੀ ਏਕੜ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ੍ਰੀ ਸੰਦੀਪ ਰਿਣਵਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ ਲਈ ਪੋਰਟਲ ਖੋਲ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕਰਕੇ ਅਜੇ ਤੱਕ ਪੋਰਟਲ ਤੇ ਆਨਲਾਈਨ ਆਪਣਾ ਨਾਮ ਦਰਜ ਨਹੀਂ ਕੀਤਾ, ਉਹ ਕਿਸਾਨ 15 ਜੁਲਾਈ 2024 ਤੱਕ ਆਨਲਾਈਨ ਪੋਰਟਲ https://agrimachinerypb.com/home/DSR23Department ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਵਿੱਚ ਹੁਣ ਤੱਕ ਆਨ-ਲਾਈਨ ਪੋਰਟਲ ਤੇ ਕੁੱਲ 6426 ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਘੋਸ਼ਿਤ 1500 ਰੁਪਏ ਪ੍ਰਤੀ ਏਕੜ ਸਨਮਾਨ ਰਾਸ਼ੀ ਲੈਣ ਲਈ ਆਪਣਾ ਨਾਮ ਦਰਜ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ 10 ਜੁਲਾਈ ਤੱਕ 68326 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾ ਕੇ ਝੋਨੇ ਦੀ ਬਿਜਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ, ਸਮੇਂ, ਖੇਤੀ ਲਾਗਤ ਖਰਚੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ। ਸਿੱਧੀ ਬਿਜਾਈ ਤਕਨੀਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨ ਨਾਸ਼ਕ ਦਵਾਈਆਂ ਦੀ ਸਮੇਂ ਸਿਰ ਅਤੇ ਸਹੀ ਤਕਨੀਕ ਅਪਣਾ ਕੇ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਪੈਂਡੀਮੈਥਾਲੀਨ ਨਦੀਨ ਨਾਸ਼ਕ ਵਰਤਣ ਦੇ ਬਾਵਜੂਦ ਜੇਕਰ ਖੇਤ ਵਿੱਚ ਨਦੀਨ ਮੌਜੂਦ ਹਨ ਤਾਂ ਨਦੀਨਾਂ ਦੀ ਮੌਜੂਦਗੀ ਦੇ ਹਿਸਾਬ ਨਾਲ ਨਦੀਨ ਨਾਸ਼ਕ ਦੀ ਚੋਣ ਕਰਕੇ ਹੀ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਦੀ ਫਸਲ ਵੱਚ ਗੁੜਤ ਮਧਾਣਾ, ਤੱਕੜੀ ਘਾਹ, ਚੀਨੀ ਘਾਹ ਜਾਂ ਚਿੜੀ ਘਾਹ ਹੈ ਤਾਂ 400 ਮਿਲੀ ਲਿਟਰ ਫਿਨੋਕਸਾਪਰੋਪ -ਪੀ ਇਥਾਇਲ 6.7 ਈ ਸੀ, ਜੇਕਰ ਸਵਾਂਕ, ਸਵਾਂਕੀ ਜਾਂ ਮੋਥਾ/ਮੁਰਕ ਹੈ ਤਾਂ 100 ਮਿਲੀ ਲਿਟਰ ਬਿਸਪੈਰੀਬੈਕ 10 ਐਸ ਸੀ ,ਜੇਕਰ ਚੌੜੇ ਪੱਤੇ ਵਾਲੇ ਨਦੀਨ, ਮੇਥਾ, ਗੱਡੀ ਵਾਲਾ ਮੋਥਾਡੀਲਾਮੁਰਕ ਨਦੀਨ ਹਨ ਤਾਂ 8 ਗ੍ਰਾਮ ਐਲਮਿਕਸ (ਕਲੋਰੀ ਮਿਯੂਰਾਨ+ਮੈਟਸਲਫੂਰਾਨ ਮਿਥਾਇਲ) ਅਤੇ ਜੇਕਰ ਸਵਾਂਕ,ਸਵਾਂਕੀ, ਮੋਥੇ ਜਾਂ ਚੀਨੀ ਘਾਹ ਹੈ ਤਾਂ 900 ਮਿਲੀ ਲਿਟਰ ਪਿਨੋਕਸਾਸੁਲਮ+ ਸਾਈਹੈਲੋਫੌਪ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨ 2-4 ਪੱਤਿਆਂ ਦੀ ਅਵਸਥਾ ਤੇ ਛਿੜਕਾਅ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਨਦੀਨ-ਨਾਸ਼ਕ ਦਾ ਛਿੜਕਾਅ ਹਮੇਸ਼ਾਂ ਵੱਤਰ ਖੇਤ ਵਿੱਚ ਕਰੋ ਅਤੇ ਹਫ਼ਤੇ ਬਾਅਦ ਪਾਣੀ ਲਗਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਸਨਮਾਨ ਰਾਸ਼ੀ ਦੀ ਅਦਾਇਗੀ ਲਾਭਪਾਤਰੀ ਦੇ ਅਨਾਜ ਖ੍ਰੀਦ ਈਮੰਡੀਕਰਨ ਪੋਰਟਲ ‘ਤੇ ਰਜਿਸਟਰਡ ਬੈਂਕ ਖਾਤਾ ਨੰਬਰ ‘ਤੇ ਹੀ ਕੀਤੀ ਜਾਵੇਗੀ। ਜੇਕਰ ਕਿਸੇ ਕਿਸਾਨ ਨੂੰ ਪੋਰਟਲ ਉੱਪਰ ਨਾਮ ਦਰਜ ਕਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਕਿਸਾਨ ਸਬੰਧਿਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਆਪਣਾ ਨਾਮ ਪੋਰਟਲ ਤੇ ਦਰਜ ਕਰਵਾ ਸਕਦੇ ਹਨ।

[wpadcenter_ad id='4448' align='none']