ਸ੍ਰੀ ਮੁਕਤਸਰ ਸਾਹਿਬ, 15 ਜੁਲਾਈ
ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਦੇਖਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਪੀ. ਏ. ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਵਿਗਿਆਨੀਆਂ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਉਹਨਾਂ ਨੇ ਪਿੰਡ ਰਾਮਗੜ੍ਹ ਚੁੰਘਾਂ, ਬੱਲਮਗੜ੍ਹ, ਮੌੜ, ਰਹੂੜਿਆਂ ਵਾਲੀ, ਗੋਬਿੰਦਨਗਰੀ, ਮਦਰੱਸਾ, ਮਲੋਟ, ਰੱਤਾ ਟਿੱਬਾ, ਮੋਹਲਾਂ, ਪੰਨੀ ਵਾਲਾ, ਸੰਮੇ ਵਾਲੀ, ਲੱਖੇ ਵਾਲੀ ਆਦਿ ਪਿੰਡਾਂ ਵਿੱਚ ਨਰਮੇ ਤੇ ਕੀੜੇ ਮਕੌੜਿਆਂ ਦੇ ਹਮਲੇ ਦਾ ਜਾਇਜ਼ਾ ਲਿਆ।
ਇਸ ਦੌਰਾਨ ਦੇਖਿਆ ਗਿਆ ਕਿ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਲਗਭਗ ਕਾਬੂ ਹੇਠ ਹੈ, ਪਰੰਤੂ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਵੱਧ ਪਾਇਆ ਗਿਆ।
ਇਸ ਮੌਕੇ ਡਾ. ਗੁਰਮੇਲ ਸਿੰਘ, ਸਹਾਇਕ ਪ੍ਰੋਫ਼ੈਸਰ( ਕੀਟ ਵਿਗਿਆਨ) ਨੇ ਕਿਸਾਨਾ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮਂੇ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਜਾਂ ਵੱਧ ਹੋਵੇ।
ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 200 ਗ੍ਰਾਮ ਪੋਲੋ/ ਰੂਬੀ / ਕਰੇਜ਼ / ਲੂਡੋ / ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਅਤੇ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਇਸ ਕੀੜੇ ਦੀ ਢੁੱਕਵੀਂ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਪਹੁੰਚਣਾ ਬਹੁਤ ਜਰੂਰੀ ਹੈ।ਉਹਨਾਂ ਦੱਸਿਆ ਕਿ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਲਗਭਗ ਕਾਬੂ ਹੇਠ ਹੈ, ਪ੍ਰੰਤੂ ਫ਼ਿਰ ਵੀ ਕਿਸਾਨਾਂ ਨੂੰ ਆਪਣੇ ਨਰਮੇ ਦੇ ਖੇਤਾਂ ਵਿੱਚ ਫ਼ੁੱਲਾਂ ਅਤੇ ਟੀਂਡਿਆਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਸਿਫ਼ਾਰਸ਼ ਰਸਾਇਣਾਂ ਦਾ ਛਿੜਕਾਅ ਕਰਨ ਦੀ ਅਪੀਲ ਕੀਤੀ।
ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ 15 ਸਤੰਬਰ 2024 ਤੋਂ ਪਹਿਲਾ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਅਨੁਸਾਰ ਕੀਟ ਪ੍ਰਬੰਧਨ ਤੋਂ ਇਲਾਵਾ ਖੁਰਾਕੀ ਤੱਤਾਂ ਦਾ ਛਿੜਕਾਅ ਅਤੇ ਪਾਣੀ ਪ੍ਰਬੰਧਨ ਦਾ ਵੀ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।ਉਹਨਾਂ ਨੇ ਖਾਸ ਤੌਰ ਤੇ ਨਰਮੇ ਵਾਲੇ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ ਦੇ ਸਹੀ ਛਿੜਕਾਅ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।