ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਆਨਲਾਈਨ ਪੋਰਟਲ ’ਤੇ ਕਰ ਸਕਦੇ ਹਨ ਅਪਲਾਈ

ਮਾਨਸਾ, 12 ਜੂਨ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਲ 2024—25 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਸ਼ੀਨਾ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਐਨਾਲਿਸਟ ਕੀਟਨਾਸ਼ਕ ਪਰਖ਼ ਪ੍ਰਯੋਗਸ਼ਾਲਾ-ਕਮ-ਡੀ.ਡੀ.ਓ. ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਲਈ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਅਤੇ ਪਰਾਲੀ ਨੂੰ ਖੇਤ ਦੇ ਬਾਹਰ ਕੱਢਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਲਈ ਬਿਨੈਪੱਤਰ ਕਿਸਾਨਾਂ ਵੱਲੋ 20 ਜੂਨ, 2024 ਤੱਕ ਆਨਲਾਈਨ ਦਿੱਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਾਲ 2023—24 ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024—25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਾਰਿਆਂ ਦੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਸਾਲ 2024—25 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ ’ਤੇ ਲੈਣ ਦੇ ਇਛੁੱਕ ਕਿਸਾਨ ਆਪਣੇ ਬਿਨੈ ਪੱਤਰ ਆਨਲਾਈਨ ਪੋਰਟਲ agrimachinerypb.com ’ਤੇ 20 ਜੂਨ, 2024 ਤੱਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਤੌਰ ’ਤੇ ਬਿਨੈ ਪੱਤਰ ਦੇਣ ਵਾਲੇ ਕਿਸਾਨ ਕੋਲ ਪਿਛਲੇ ਸਾਲ ਦੇ ਝੋਨੇ ਦਾ ਜੇ ਫਾਰਮ, ਟਰੈਕਟਰ ਦੀ ਕਾਪੀ ਦਾ ਹੋਣਾ ਲਾਜ਼ਮੀ ਹੈ ਅਤੇ ਕਿਸਾਨ ਨੂੰ 5000/— ਰੁਪਏ ਦੀ ਰਾਸ਼ੀ ਬਤੌਰ ਟੋਕਨ ਮਨੀ ਆਨਲਾਇਨ ਜਮ੍ਹਾਂ ਕਰਵਾਉਣੀ ਹੋਵੇਗੀ ਜੋ ਮੋੜਨਯੋਗ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਨਿੱਜੀ ਕਿਸਾਨਾ ਨੂੰ 50 ਫ਼ੀਸਦੀ ਸਬਸਿਡੀ ਅਤੇ ਕਸਟਮ ਹਾਈਰਿੰਗ ਸੈਂਟਰ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ/ਰਜਿਸਟਰਡ ਫਾਰਮਰ ਗਰੁੱਪ/ਕਿਸਾਨ ਉਤਪਾਦਨ ਸੰਗਠਨ ਲਈ 80 ਫ਼ੀਸਦੀ ਸਬਸਿਡੀ ਦੀ ਦਰ ਹੋਵੇਗੀ। ਇਸ ਸਕੀਮ ਅਧੀਨ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੋਪਰ/ਸ਼ਰੈਡਰ/ਮਲਚਰ, ਉਲਟਾਵੇ ਹਲ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਬੇਲਰ, ਰੈਕ, ਰੋਟਰੀ ਸ਼ਲੈਸ਼ਰ/ਸ਼ਰੱਬ ਮਾਸਟਰ, ਅਤੇ ਕਰਾਪ ਰੀਪਰ ਮਸ਼ੀਨਾ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ) ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫ਼ਸਰ, ਮਾਨਸਾ (98725—52742), ਭੀਖੀ (98720—33997), ਝੁਨੀਰ (98886—01725), ਸਰਦੂਲਗੜ੍ਹ (90416—76589), ਬੁਢਲਾਡਾ (90411—13200) ਅਤੇ ਜ਼ਿਲ੍ਹਾ ਪੱਧਰ ’ਤੇ ਸਹਾਇਕ ਖੇਤੀਬਾੜੀ ਇੰਜੀਨੀਅਰ (82954—01033) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']