ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੋਤਸਾਹਨ ਰਾਸ਼ੀ ਲਈ ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਨ-ਡਿਪਟੀ ਕਮਿਸ਼ਨਰ

ਐੱਸ ਏ ਐੱਸ ਨਗਰ, 11 ਜੂਨ, 2024:
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ‘ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਾਲ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ https://agrimachinerypb.com/home/DSR23Department ਉੱਪਰ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਸਾਨ ਇਹ ਲਿੰਕ ਖੋਲਕੇ ਆਪਣਾ ਆਧਾਰ ਨੰਬਰ ਭਰਨਗੇ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਰਹੇਗੀ। ਇਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਜ਼ਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ। ਕਿਸਾਨ ਵੱਲੋਂ ਜ਼ਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ /ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ/ਬਿਘਾ ਜਾਂ ਬਿਸਵਾ) ਵਿੱਚ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਾਕਰੀ ਵਿੱਚ 30 ਜੂਨ 2024 ਤੱਕ ਸੋਧ/ਤਬਦੀਲੀ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ 2024 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਮੋਬਾਇਲ ਨੰਬਰ 98723-04259 ‘ਤੇ ਵੀ ਸੰਪਰਕ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਭੂਮੀਗਤ ਪਾਣੀ ਦਾ ਰੀਚਾਰਜ ਜ਼ਿਆਦਾ ਹੁੰਦਾ ਹੈ, ਫ਼ਸਲ ਨੂੰ ਬਿਮਾਰੀ ਘੱਟ ਲਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਅਗਲੀ ਫ਼ਸਲ ਕਣਕ ਦਾ ਝਾੜ ਵੀ ਵਧਦਾ ਹੈ। ਸਿੱਧੀ ਬਿਜਾਈ ਦੀ ਤਰ-ਵੱਤਰ ਵਿਧੀ ਵਿਚ ਸੁੱਕੇ ਖੇਤ ਵਿੱਚ ਸਿੱਧੀ ਬਿਜਾਈ ਨਾਲੋਂ ਮੁੱਖ ਫਰਕ ਇਹ ਹੈ ਕਿ ਤਰ-ਵੱਤਰ ਵਾਲੇ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 3 ਹਫ਼ਤੇ ਬਾਅਦ ਲਗਾਇਆ ਜਾਂਦਾ ਹੈ, ਜਿਸ ਦੇ ਕਈ ਫਾਇਦੇ ਹਨ, ਜਿਵੇਂ ਕਿ ਪਾਣੀ ਦੀ 15 ਤੋਂ 20 ਪ੍ਰਤੀਸ਼ਤ ਬੱਚਤ, ਨਦੀਨਾਂ ਦੀ ਸਮੱਸਿਆ ਘੱਟ ਹੋਣਾ, ਜੜ੍ਹਾਂ ਜ਼ਿਆਦਾ ਡੂੰਘੀਆਂ ਜਾਣ ਕਰਕੇ ਜ਼ਮੀਨੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ।

[wpadcenter_ad id='4448' align='none']