ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਉਤਸ਼ਾਹਿਤ

ਬਠਿੰਡਾ, 23 ਮਈ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਬਲਾਕ ਮੌੜ ਦੇ ਪਿੰਡ ਮਾਈਸਰਖਾਨਾ, ਭਾਈ ਬਖਤੌਰ, ਚੱਠੇਵਾਲਾ ਅਤੇ ਕੋਟਭਾਰਾ ਆਦਿ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਇਸ ਲਈ ਨਰਮੇ ਦੀ ਫਸਲ ਹੇਠ ਵੱਧ ਤੋ ਵੱਧ ਰਕਬਾ ਲਿਆਂਦਾ ਜਾਵੇ ਜਿਸ ਤਹਿਤ ਜ਼ਿਲ੍ਹੇ ਅੰਦਰ ਹੁਣ ਤੱਕ ਲਗਭਗ 10500 ਹੈਕਟੇਅਰ ਰਕਬੇ ਤੇ ਨਰਮੇ ਦੀ ਬਿਜਾਈ ਹੋ ਗਈ ਹੈ।

        ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੀ.ਟੀ.ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਹੀ ਕੀਤੀ ਜਾਵੇ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਰਮੇ ਦੀ ਬਿਜਾਂਦ ਦਾ ਰਕਬਾ ਨੋਟ ਕਰਵਾਇਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਡੀਲਰਾਂ ਤੋਂ ਨਰਮੇ ਦੇ ਬੀਜ ਅਤੇ ਹੋਰ ਇੰਨਪੁਟਸ ਦੇ ਪੱਕੇ ਬਿੱਲ ਲੈਣ ਲਈ ਕਿਹਾ ਅਤੇ ਦੱਸਿਆ ਕਿ ਨਰਮੇ ਦੀ ਬਿਜਾਈ ਲਈ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਠੀਕ ਚੱਲ ਰਹੀ ਹੈ ਜੇਕਰ ਫਿਰ ਵੀ ਕਿਤੇ ਸਮੱਸਿਆ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।

        ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਨਰਮੇ ਦੀ ਫਸਲ ਨੂੰ ਖਾਦਾਂ ਦੀ ਸੰਤੁਲਿਤ ਮਾਤਰਾ ਪਾਈ ਜਾਵੇ ਤਾਂ ਜੋ ਤੱਤਾਂ ਦੀ ਘਾਟ ਨਾ ਆਵੇ। ਸਮੁੱਚੀ ਫਸਲ ਦੇ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਲਈ ਸਿੰਚਾਈ ਦੀ ਸੰਤੁਲਿਤ ਵਰਤੋਂ ਕੀਤੀ ਜਾਵੇ। ਨਰਮੇ ਦੇ ਖੇਤਾਂ ਦੇ ਆਸੇ-ਪਾਸੇ ਸਾਫ਼-ਸਫ਼ਾਈ ਰੱਖੀ ਜਾਵੇ ਤਾਂ ਜੋ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਹਮਲੇ ਤੋ ਫਸਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨਿੰਮ ਅਧਾਰਿਤ ਕੀਟ ਨਾਸ਼ਕਾਂ ਦੀ ਸਪਰੇ ਕਰਨ ਤੇ ਜੋਰ ਦਿੱਤਾ ਅਤੇ ਕਿਹਾ ਕਿ ਲੋੜ ਪੈਣ ਤੇ ਕੇਵਲ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਫਸਲੀ-ਵਿਭਿੰਨਤਾ ਤਕਨੀਕ ਅਪਣਾ ਕੇ ਫਸਲਾਂ ਤੋ ਵੱਧ ਤੋ ਵੱਧ ਮੁਨਾਫਾ ਲਿਆ ਜਾ ਸਕਦਾ ਹੈ ਅਤੇ ਆਰਥਿਕ  ਸਥਿਤੀ ਮਜ਼ਬੂਤ ਕੀਤੀ ਜਾ ਸਕਦੀ ਹੈ।

        ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ (ਬੀਜ) ਬਠਿੰਡਾ ਡਾ. ਸੁਖਜੀਤ ਸਿੰਘ ਬਾਹੀਆ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਤਾਲਮੇਲ ਰੱਖਿਆ ਜਾਵੇ ਤਾਂ ਜੋ ਨਰਮੇ ਦੀ ਫਸਲ ਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋ ਬਚਾਅ ਲਈ ਅਗਾਊਂ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਨੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਫਸਲ ਤੇ ਹੋਣ ਵਾਲੇ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਬਾਹੀਆ ਨੇ ਦੱਸਿਆ ਕਿ ਕਿਸੇ ਵੀ ਫਸਲ ਦਾ ਉਚਿਤ ਪ੍ਰਬੰਧਨ ਕਰਨ ਲਈ ਉਸਦਾ ਸਰਵੇਖਣ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ, ਇਸ ਲਈ ਰੋਜ਼ਾਨਾ ਆਪਣੇ ਖੇਤ ਵਿੱਚ ਬੀਜੀ ਫਸਲ ਦਾ ਸਰਵੇਖਣ ਕੀਤਾ ਜਾਵੇ।

[wpadcenter_ad id='4448' align='none']