ਜਲ ਸਰੋਤ ਮੰਤਰੀ ਨੇ ਕਿਸਾਨਾਂ ਲਈ ਨਹਿਰੀ ਪਾਣੀ ਦਾ ਸੁਫਨਾ ਸੱਚ ਹੋਣ ਪਿੱਛੇ ਕੀਤੇ ਕਾਰਜਾਂ ਨੂੰ ਦੱਸਿਆ
ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਬੰਦ ਪਏ 13471 ਖਾਲੇ ਕੀਤੇ ਬਹਾਲ
ਨਹਿਰੀ ਪਾਣੀ ਦੇ ਝਗੜਿਆਂ ਦੇ 5016 ਕੇਸ ਹੱਲ ਕੀਤੇ
89.10 ਕਰੋੜ ਰੁਪਏ ਦੀ ਲਾਗਤ ਨਾਲ 318 ਹੜ ਰੋਕੂ ਕੰਮ ਮੁਕੰਮਲ ਕੀਤੇ
ਚੰਡੀਗੜ, 3 ਜੁਲਾਈ:
Farmers get canal water ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਸੂਬੇ ਦੇ ਕਿਸਾਨਾਂ ਨੂੰ ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਿਆ। ਕਿਸਾਨੀ ਦੀ ਨਵੀਂ ਪੀੜੀ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਕੁਦਰਤ ਦੀ ਬਖਸ਼ਿਸ਼ ਨਹਿਰੀ ਪਾਣੀ ਨਾਲ ਆਪਣੇ ਖੇਤਾਂ ਨੂੰ ਸਿੰਜਦਿਆਂ ਵੇਖਿਆ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਖੀ।
ਮੀਤ ਹੇਅਰ ਨੇ ਨਹਿਰੀ ਪਾਣੀ ਦੇ ਇਤਿਹਾਸਕ ਕੰਮ ਲਈ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੂਬੇ ਦੇ ਕਿਸਾਨੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦਾ ਨੈਟਵਰਕ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਆਖਿਆ ਕਿ ਕਿਸਾਨਾਂ ਨੂੰ ਜਿੱਥੇ ਪਹਿਲੀ ਵਾਰ ਨਹਿਰੀ ਪਾਣੀ ਮਿਲ ਰਿਹਾ ਹੈ ਉਥੇ ਨਰਮਾ ਕਾਸ਼ਤਕਾਰਾਂ ਦੀ ਮੰਗ ਉਤੇ ਸਮੇਂ ਤੋਂ ਪਹਿਲਾਂ ਉਨਾਂ ਨੂੰ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਸੂਬੇ ਵਿੱਚ ਬੰਦ ਕੀਤੇ ਸਿੰਜਾਈ ਵਾਲੇ 15741 ਨਹਿਰੀ ਖਾਲਾਂ ਵਿੱਚੋਂ 13471 ਖਾਲਾਂ ਨੂੰ ਜਲ ਸਰੋਤ ਵਿਭਾਗ ਨੇ ਪਿਛਲੇ ਢਾਈ ਮਹੀਨਿਆਂ ਦੌਰਾਨ ਬਹਾਲ ਕੀਤਾ। ਹੁਣ ਪੰਜਾਬ ਵਿੱਚ ਕੁੱਲ 47000 ਖਾਲਾਂ ਵਿੱਚੋਂ ਸਿਰਫ 2270 ਖਾਲਿਆਂ ਨੂੰ ਬਹਾਲ ਕਰਨਾ ਰਹਿੰਦਾ ਹੈ ਜਿਨਾਂ ਉਤੇ ਵੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਉਨਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਲੋਕਾਂ ਵੱਲੋਂ ਇਹ ਖਾਲੇ ਬੰਦ ਕਰਕੇ ਪੱਧਰੇ ਕਰ ਦਿੱਤੇ ਗਏ ਸਨ। ਖਾਲਿਆਂ ਨੂੰ ਬਹਾਲ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਨਾਂ ਨੂੰ ਭਾਈਚਾਰਕ ਖਾਲਿਆਂ ਦੀ ਥਾਂ ਸਰਕਾਰੀ ਰੁਤਬਾ ਦਿੱਤਾ ਗਿਆ। ਇਸ ਤੋਂ ਇਲਾਵਾ 25 ਸਾਲ ਬਾਅਦ ਹੀ ਖਾਲਿਆਂ ਦੀ ਮੁਰੰਮਤ ਕਰਨ ਦੀ ਸ਼ਰਤ ਖਤਮ ਕੀਤੀ ਗਈ। Farmers get canal water
ਜਲ ਸਰੋਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਮਗਨਰੇਗਾ ਰਾਹੀਂ 200 ਕਰੋੜ ਰੁਪਏ ਦੀ ਲਾਗਤ ਨਾਲ ਇਨਾਂ ਬੰਦ ਪਏ ਖਾਲਿਆਂ ਨੂੰ ਬਹਾਲ ਕੀਤਾ ਗਿਆ। ਇਸੇ ਤਰਾਂ ਅਣਵਰਤੇ ਫੰਡਾਂ ਦੀ ਵਰਤੋਂ ਕੀਤੀ ਗਈ। ਪੰਜਾਬ ਵਿੱਚ 20 ਫੀਸਦੀ ਤੋਂ ਵੱਧ ਨਹਿਰਾਂ ਆਪਣੀ ਸਮਰੱਥਾ ਤੋਂ ਵੱਧ ਚੱਲ ਰਹੀਆਂ ਹਨ ਜਿਸ ਕਾਰਨ ਟੇਲਾਂ ਉਤੇ ਵੀ ਲੋੜੀਂਦਾ ਪਾਣੀ ਪਹੁੰਚ ਰਿਹਾ ਹੈ। ਭਾਖੜਾ ਮੇਨ ਲਾਈਨ, ਬਿਸਤ ਦੁਆਬ ਨਹਿਰ ਤੇ ਅੱਪਰਵਾਰੀ ਦੁਆਬ ਨਹਿਰ ਦੀ ਸਮਰੱਥਾ ਵਿੱਚ ਵਾਧਾ ਕੀਤਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਿਭਾਗ ਦੇ ਪਟਵਾਰੀ ਤੋਂ ਲੈ ਕੇ ਐਕਸੀਅਨ ਤੱਕ ਖਾਲਿਆਂ ਦਾ ਨਿਰੰਤਰ ਨਿਰੀਖਣ ਕਰ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲ ਤੱਕ ਪੰਜਾਬ ਵਿੱਚ ਨਹਿਰੀ ਪਾਣੀ ਨਾਲ ਸਿਰਫ 21 ਫੀਸਦੀ ਸਿੰਜਾਈ ਕੀਤੀ ਜਾਂਦੀ ਸੀ ਜਦੋਂ ਕਿ ਬਾਕੀ 79 ਫੀਸਦੀ ਧਰਤੀ ਹੇਠਲੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਹੈ। ਨਵੀਂ ਪਹਿਲਕਦਮੀ ਨਾਲ ਨਹਿਰੀ ਪਾਣੀ ਨਾਲ ਸਿੰਜਾਈ ਦੇ ਰਕਬੇ ਵਿੱਚ ਚੋਖਾ ਵਾਧਾ ਹੋਵੇਗਾ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਇਕ ਹੋਰ ਵੱਡਾ ਕਦਮ ਚੁੱਕਦਿਆਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਨਹਿਰੀ ਪਾਣੀ ਦੇ ਝਗੜਿਆਂ ਦੇ ਮਾਮਲੇ ਤੇਜ਼ੀ ਨਾਲ ਹੱਲ ਕੀਤੇ ਗਏ। ਇਕ ਸਾਲ ਵਿੱਚ ਝਗੜਿਆਂ ਦੇ 4700 ਕੇਸ ਨਵੇਂ ਆਏ ਜਦੋਂ ਕਿ ਵਿਭਾਗ ਵੱਲੋਂ 5016 ਕੇਸ ਹੱਲ ਕੀਤੇ ਗਏ ਹਨ ਜਿਨਾਂ ਵਿੱਚ ਬੈਕਲਾਗ ਵੀ ਦੂਰ ਕੀਤਾ ਗਿਆ। ਹੁਣ ਸਿਰਫ 1563 ਕੇਸ ਪੈਂਡਿੰਗ ਹਨ ਜਿਨਾਂ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ।
ਮਾਨਸੂਨ ਸੀਜ਼ਨ ਵਿੱਚ ਹੜਾਂ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਮੀਤ ਹੇਅਰ ਨੇ ਦੱਸਿਆ ਕਿ ਵਿਭਾਗ ਵੱਲੋਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 89.10 ਕਰੋੜ ਰੁਪਏ ਦੀ ਲਾਗਤ ਨਾਲ 318 ਹੜ ਰੋਕੂ ਕੰਮ ਮੁਕੰਮਲ ਕੀਤੇ ਗਏ ਹਨ। ਇਨਾਂ ਵਿੱਚ ਜਿੱਥੇ 39.53 ਕਰੋੜ ਰੁਪਏ ਨਾਲ ਡਰੇਨਾਂ ਦੀ ਸਫਾਈ ਦੇ 193 ਕੰਮ ਮੁਕੰਮਲ ਕੀਤੇ ਗਏ ਉਥੇ 46.43 ਕਰੋੜ ਨਾਲ 75 ਵੱਖ-ਵੱਖ ਹੜ ਰੋਕੂ ਕੰਮ ਕੀਤੇ ਗਏ। ਇਸੇ ਤਰਾਂ ਵਿਭਾਗ ਵੱਲੋਂ 3.15 ਕਰੋੜ ਦੀ ਲਾਗਤ ਨਾਲ ਪੰਜ ਵੱਡੀਆਂ ਮਸ਼ੀਨਾਂ ਖਰੀਦੀਆਂ ਗਈਆਂ ਜੋ ਡਰੇਨਾਂ ਦੀ ਸਫਾਈ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਨਾਲ ਵਿਭਾਗ ਵੱਲੋਂ ਹੁਣ ਸਾਰਾ ਸਾਲ ਡਰੇਨਾਂ ਦੀ ਸਫਾਈ ਕੀਤੀ ਜਾਇਆ ਕਰੇਗੀ। Farmers get canal water
ਇਸ ਮੌਕੇ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।
——-