Farmers Protest
ਇਨ੍ਹੀਂ ਦਿਨੀਂ ਹਰਿਆਣਾ-ਪੰਜਾਬ ਸਰਹੱਦ ‘ਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਤਿਆਰੀਆਂ ਇਸ ਤਰ੍ਹਾਂ ਚੱਲ ਰਹੀਆਂ ਹਨ ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ। ਸਰਕਾਰ ਨੇ ਸਰਹੱਦ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬਲਕ ਵਿੱਚ ਐਸਐਮਐਸ ਨਹੀਂ ਭੇਜੇ ਜਾ ਸਕਦੇ ਹਨ।
ਪੁਲਿਸ ਨੇ ਆਪਣੀ ਨਿਗਰਾਨੀ ਵਧਾ ਦਿੱਤੀ ਹੈ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸਬੰਧਤ ਖੇਤਰਾਂ ਦੇ ਪੁਲਿਸ ਕਪਤਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਡੀਜੀਪੀ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਤਿਆਰੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਪਹਿਲਾਂ ਤੋਂ ਹੀ ਚੌਕਸ ਅਤੇ ਸੁਚੇਤ ਰਹਿਣ।
ਦਰਅਸਲ ਇਹ ਸਾਰੀਆਂ ਤਿਆਰੀਆਂ ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਨੂੰ ਦੇਖਦਿਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਰਚ ਵਿੱਚ 200 ਕਿਸਾਨ ਯੂਨੀਅਨਾਂ ਹਿੱਸਾ ਲੈਣਗੀਆਂ। ਕਿਸਾਨ ਜਥੇਬੰਦੀਆਂ ਨੇ ਸਰਕਾਰ ਅੱਗੇ ਕਈ ਮੰਗਾਂ ਰੱਖੀਆਂ ਹਨ। ਕਿਸਾਨ ਜਥੇਬੰਦੀਆਂ ਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਲਾਜ਼ਮੀ ਬਣਾਉਣ ਲਈ ਕਾਨੂੰਨ ਬਣਾਉਣਾ ਅਤੇ ਲਾਗੂ ਕਰਨਾ ਹੈ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਿੱਲੀ ਮਾਰਚ ਦਾ ਸੱਦਾ ਦਿੱਤਾ ਹੈ।
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐੱਸਐੱਨ ਪ੍ਰਸਾਦ ਨੇ ਦੇਰ ਸ਼ਾਮ ਨੂੰ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ 11 ਫਰਵਰੀ ਸਵੇਰ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ।
ਅੰਬਾਲਾ ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਦਰਿਆ ਦੇ ਅੰਦਰ ਖ਼ੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਇਸ ਵਿਚੋਂ ਟਰੈਕਟਰ ਲੈ ਕੇ ਨਾ ਲੰਘ ਸਕਣ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਟੁਕੜੀ ਵੀ ਸ਼ੰਭੂ ਸਰਹੱਦ ’ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੰਬਾਲਾ ਤੇ ਪਟਿਆਲਾ ਪੁਲਿਸ ਨੇ ਸ਼ੰਭੂ ਬੈਰੀਅਰ ’ਤੇ ਵੱਡੀਆਂ ਰੋਕਾਂ ਲਾ ਕੇ ਕੌਮੀ ਮਾਰਗ ਬੰਦ ਕਰ ਦਿੱਤਾ ਹੈ।
READ ALSO:ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ‘ਘਰ-ਘਰ ਮੁਫ਼ਤ ਰਾਸ਼ਨ ਸਕੀਮ’ ਦਾ ਆਗਾਜ਼
ਪਟਿਆਲਾ ਜ਼ਿਲ੍ਹੇ ਵਿੱਚੋਂ ਹਰਿਆਣਾ ਨੂੰ ਜਾਂਦੇ ਦੋ ਹੋਰ ਪ੍ਰਮੁੱਖ ਮਾਰਗਾਂ ’ਤੇ ਸਖਤ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇਨ੍ਹਾਂ ਦੋ ਪ੍ਰਮੁੱਖ ਮਾਰਗਾਂ ਵਿਚ ਪਾਤੜਾਂ ਖੇਤਰ ਵਿਚਲੇ ਢਾਬੀ ਗੁੱਜਰਾਂ ਅਤੇ ਸਮਾਣਾ ਹਲਕੇ ਵਿੱਚ ਚੀਕਾ ਰੋਡ ’ਤੇ ਰਾਮਨਗਰ ਦਾ ਬੈਰੀਅਰ ਸ਼ਾਮਲ ਹੈ। ਘੱਗਰ ਪੁਲ ’ਤੇ 10 ਫਰਵਰੀ ਦੀ ਸਵੇਰ ਤੋਂ ਹੀ ਆਵਾਜਾਈ ਮੁਕੰਮਲ ਰੂਪ ਵਿੱਚ ਬੰਦ ਹੋ ਚੁੱਕੀ ਹੈ।
Farmers Protest