Farmers Protest Delhi Chalo
ਅੰਬਾਲਾ ਦੇ ਸ਼ੰਭੂ ਬਾਰਡਰ ਉਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ ਹੈ। ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਪਿੱਛੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਹਨ। ਇਸ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ।
ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲੈ ਵੀ ਲਿਆ ਹੈ। ਪੁਲਿਸ ਨੇ ਅੰਬਾਲਾ ਦੇ ਸ਼ੰਭੂ ਬਾਰਡਰ ਨੇੜੇ ਪਹੁੰਚੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਗੱਡੀ ਵਿੱਚ ਬਿਠਾ ਕੇ ਲੈ ਗਈ। ਇਸ ਦੇ ਨਾਲ ਹੀ ਪੁਲਿਸ ਡਰੋਨ ਰਾਹੀਂ ਬੈਰੀਕੇਡਾਂ ਦੇ ਦੂਜੇ ਪਾਸੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਕ ਪਾਸੇ ਤਾਂ ਕਈ ਕਿਸਾਨ ਸ਼ੰਭੂ ਬਾਰਡਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇੱਥੋਂ 10 ਕਿਲੋਮੀਟਰ ਦੀ ਦੂਰੀ ‘ਤੇ ਕਿਸਾਨਾਂ ਦਾ ਵੱਡਾ ਕਾਫਲਾ ਸਰਹੱਦ ਵੱਲ ਵਧ ਰਿਹਾ ਹੈ। ਇਹ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਆ ਰਹੇ ਹਨ। ਸ਼ੰਭੂ ਸਰਹੱਦ ‘ਤੇ ਕਾਫੀ ਹੰਗਾਮਾ ਹੋਇਆ। ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵੀ ਨੇੜੇ ਪੁੱਜ ਗਈਆਂ ਹਨ ਅਤੇ ਉਨ੍ਹਾਂ ਦਾ ਕਾਫ਼ਲਾ ਇੱਥੇ ਹੀ ਰੁਕ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਅੱਜ 13 ਫਰਵਰੀ ਨੂੰ ‘ਦਿੱਲੀ ਚੱਲੋ’ ਦੇ ਦਿੱਤੇ ਗਏ ਸੱਦੇ ’ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ 114 ਕੰਪਨੀਆਂ ਦੀ ਤਾਇਨਾਤੀ ਕੀਤੀ ਹੈ। ਇਨ੍ਹਾਂ ਵਿਚ 64 ਕੰਪਨੀਆਂ ਨੀਮ ਫੌਜੀ ਬਲਾਂ ਦੀਆਂ ਅਤੇ 50 ਕੰਪਨੀਆਂ ਹਰਿਆਣਾ ਪੁਲਿਸ ਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਹੈ।
ਵੱਡੀ ਗਿਣਤੀ ਕਿਸਾਨ ਸ਼ੰਭੂ ਬਾਰਡਰ ਉਤੇ ਇਕੱਠੇ ਹੋ ਗਏ ਹਨ। ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਵੀ ਸਮੇਂ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ। ਪੁਲਿਸ ਪੂਰੀ ਤਿਆਰੀ ਨਾਲ ਕਿਸਾਨਾਂ ਨੂੰ ਰੋਕਣ ਲਈ ਖੜ੍ਹੀ ਹੈ।
READ ALSO: ਪੰਜਾਬ ”ਚ ਫ਼ਿਰ ਬਦਲਿਆ ਮੌਸਮ ਦਾ ਮਿਜ਼ਾਜ, ਬਾਰਿਸ਼ ਦੇ ਨਾਲ ਫ਼ਿਰ ਵਧੇਗੀ ਠੰਡ!
ਇਧਰ, ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਦਿੱਲੀ ਜਾਣ ਦਾ ਹੋਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਆ ਰਹੇ ਹਾਂ, ਤਿਆਰ ਰਹੇ ਦਿੱਲੀਏ’। ਇਹ ਸਾਡੀ ਹੋਂਦ ਦਾ ਸਵਾਲ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਸੀਂ ਆਪਣੀਆਂ ਨਸਲਾਂ, ਫਸਲਾਂ ਨੂੰ ਬਚਾਉਣ ਦਿੱਲੀ ਜਾਣਾ ਹੈ।
Farmers Protest Delhi Chalo