ਫਾਜ਼ਿਲਕਾ, 21 ਜੁਲਾਈ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ਿਆਂ ਖਿਲਾਫ ਆਰੰਭੇ ਅਭਿਆਨ ਨਾਲ ਫਾਜ਼ਿਲਕਾ ਬਦਲਣ ਲੱਗਿਆ ਹੈ। ਨਸ਼ਿਆਂ ਖਿਲਾਫ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਲੋਕ ਭਾਗੀਦਾਰੀ ਜੁੜਨ ਲੱਗੀ ਹੈ। ਜ਼ਿਲ੍ਹੇ ਵਿਚ 228 ਪਿੰਡਾਂ ਦੇ ਲੋਕਾਂ ਨੇ ਨਸ਼ਿਆਂ ਖਿਲਾਫ ਅਭਿਆਨ ਵਿਚ ਸਰਕਾਰ ਦਾ ਸਾਥ ਦੇਣ ਲਈ ਪੰਚਾਇਤੀ ਮਤੇ ਪਾਏ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਬਲਾਕ ਵਿਚ 85, ਅਰਨੀਵਾਲਾ ਵਿਚ 42, ਫਾਜ਼ਿਲਕਾ ਵਿਚ 25, ਜਲਾਲਾਬਾਦ ਵਿਚ 36 ਅਤੇ ਖੂਈਆਂ ਸਰਵਰ ਵਿਚ 40 ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਕਾ ਕੇ ਨਸ਼ਿਆਂ ਖਿਲਾਫ ਲੜਨ ਦਾ ਅਹਿਦ ਲਿਆ ਹੈ। ਇੰਨ੍ਹਾਂ ਮਤਿਆਂ ਅਨੁਸਾਰ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਪ੍ਰਣ ਲਿਆ ਹੈ ਕਿ ਉਹ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣਗੇ ਅਤੇ ਅਜਿਹੇ ਕਿਸੇ ਮਾੜੇ ਅਨਸਰ ਦਾ ਸਾਥ ਨਹੀਂ ਦੇਣਗੇ। ਪਿੰਡ ਵਿਚ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨ੍ਹਾਂ ਦਾ ਇਲਾਜ ਕਰਨ ਲਈ ਉਨ੍ਹਾਂ ਨੂੰ ਹਸਤਪਾਲ ਤੱਕ ਲੈ ਕੇ ਆਉਣਗੇ। ਡਿਪਟੀ ਕਮਿਸ਼ਨਰ ਆਖਦੇ ਹਨ ਕਿ ਇਹ ਲੋਕ ਚੇਤਨਾ ਵਿਚ ਪ੍ਰਸ਼ਾਸਨ ਦੇ ਕੰਮਾਂ ਪ੍ਰਤੀ ਵੱਧ ਰਹੇ ਵਿਸਵਾਸ਼ ਦਾ ਹੀ ਨਤੀਜਾ ਹੈ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਲਈ ਅੱਗੇ ਆਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਤੇ ਸਿੰਕਜਾ ਕਸਿਆ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਲੋਕਾਂ ਖਾਸ ਕਰਕੇ ਸਰਹੱਦੀ ਇਲਾਕਿਆਂ ਵਿਚ ਲੋਕਾਂ ਨੂੰ ਉਸਾਰੂ ਕਾਰਜਾਂ ਵਿਚ ਲਗਾਉਣ, ਉਨ੍ਹਾਂ ਦੇ ਰੋਜਗਾਰ ਦਾ ਪ੍ਰਬੰਧ ਕਰਨ ਅਤੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ। ਸਰਹੱਦੀ ਪਿੰਡਾਂ ਵਿਚ ਸਰਕਾਰ ਆਪਦੇ ਦੁਆਰ ਪ੍ਰੋਗਰਾਮ ਤਹਿਤ ਲੋਕ ਸੁਵਿਧਾ ਕੈਂਪ ਲਗਾ ਕੇ ਉਨ੍ਹਾਂ ਨੂੰ ਪਿੰਡ ਪੱਧਰ ਤੇ ਹੀ ਸਰਕਾਰੀ ਨਾਗਰਿਕ ਸੇਵਾਵਾਂ ਮੁਹਈਆ ਕਰਵਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਖੇਡ ਵਿਭਾਗ ਦੇ ਮਾਰਫ਼ਤ ਸਰਹੱਦੀ ਜ਼ਿਲ੍ਹੇ ਵਿਚ ਵੱਖ ਵੱਖ ਖੇਡਾਂ ਦੇ ਖੇਡ ਮੁਕਾਬਲੇ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾਂ ਤੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਜਿਸ ਵਿਚ ਨੌਜਵਾਨ ਉਤਸਾਹ ਨਾਲ ਭਾਗ ਵੀ ਲੈ ਰਹੇ ਹਨ। ਜਦੋਂ ਕੋਈ ਬੋਰਡ ਪ੍ਰੀਖਿਆਵਾਂ ਆਦਿ ਨਾ ਹੋ ਰਹੀਆਂ ਹੋਣ ਤਾਂ ਇਹ ਖੇਡ ਮੁਕਾਬਲੇ ਹਰ ਸ਼ੁੱਕਰਵਾਰ ਨੂੰ ਕਰਵਾਏ ਜਾਂਦੇ ਹਨ।
ਇਸ ਤੋਂ ਬਿਨ੍ਹਾਂ ਸਰਹੱਦੀ ਪਿੰਡਾਂ ਵਿਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਪੁਲਿਸ ਤੇ ਪ੍ਰਸ਼ਾਸਨ ਦੇ ਸਿੱਧੇ ਸੰਪਰਕ ਵਿਚ ਰਹਿੰਦੀਆਂ ਹਨ ਅਤੇ ਪਿੰਡ ਦੀ ਹਰ ਇਕ ਹਲਚਲ ਦੀ ਸੂਚਨਾ ਪ੍ਰਸ਼ਾਸਨ ਨਾਲ ਸਾਂਝੀਆਂ ਕਰਦੀਆਂ ਹਨ। ਇਸ ਤਰਾਂ ਕਰਨ ਨਾਲ ਪ੍ਰਸ਼ਾਸਨ ਤੇ ਲੋਕਾਂ ਦੀ ਨੇੜਤਾ ਵਧੀ ਹੈ। ਇਸ ਤਰਾਂ ਦੀਆਂ ਕਮੇਟੀਆਂ ਨਾਲ 400 ਦੇ ਲਗਭਗ ਬੈਠਕਾਂ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਸਾਂਝੇ ਉਪਰਾਲਿਆਂ ਨਾਲ ਅਸੀਂ ਸਮਾਜ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ । ਉਹਨਾਂ ਨੇ ਆਖਿਆ ਕਿ ਸਕੂਲਾਂ ਵਿੱਚ ਬਡੀ ਪ੍ਰੋਗਰਾਮ ਰਾਹੀਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੋਵੇ ਤਾਂ ਉਹ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੋਂ ਮੁਫਤ ਇਲਾਜ ਕਰਵਾ ਸਕਦਾ ਹੈ। ਪਿੱਛਲੇ ਦਿਨੀ 5 ਦਰਜਨ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ੇ ਛੱਡਣ ਲਈ ਹਸਤਪਾਲ ਲਿਆਂਦਾ ਗਿਆ ਹੈ।
ਬਾਕਸ ਲਈ ਪ੍ਰਸਤਾਵਿਤ
ਫਾਜ਼ਿਲਕਾ ਪੁਲਿਸ ਨੇ ਸ਼ੁਰੂ ਕੀਤਾ ਹੈ ਮਿਸ਼ਨ ਨਿਸਚੈ
ਫਾਜਿਲ਼ਕਾ ਪੁਲਿਸ ਵੱਲੋਂ ਐਸ.ਐਸ.ਪੀ ਡਾ: ਪ੍ਰਗਿਆ ਜੈਨ ਦੀ ਅਗਵਾਈ ਵਿਚ ਮਿਸ਼ਨ ਨਿਸਚੈ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਇਕ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਦਬੋਚਿਆਂ ਜਾ ਰਿਹਾ ਹੈ, ਦੂਜੇ ਪਾਸੇ ਲੋਕਾਂ ਵਿਚ ਪੁਲਿਸ ਪ੍ਰਤੀ ਵਿਸਵਾਸ ਵਧਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਇਸ ਮਿਸ਼ਨ ਵਿਚ ਪੁਲਿਸ ਦੇ ਸਹਿਯੋਗੀ ਬਣਨ ਤਾਂ ਜੋ ਪਿੰਡਾਂ ਵਾਰਡਾਂ ਵਿਚ ਨਸ਼ਾ ਵੇਚਣ ਵਾਲਿਆਂ ਤੱਕ ਕਾਨੂੰਨ ਦੇ ਹੱਥ ਪਹੁੰਚ ਸਕਨ ਤੇ ਤੀਸਰਾ ਜੋ ਲੋਕ ਨਸ਼ੇ ਤੋਂ ਪੀੜਤ ਹਨ ਅਤੇ ਇਸਦੀ ਗਿਰਫਤ ਵਿਚ ਹਨ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਤੱਕ ਲਿਆਂਦਾ ਜਾਵੇ। ਬੀਐਸਐਫ ਤੋਂ ਵੀ ਇਸ ਮਿਸ਼ਨ ਵਿਚ ਸਹਿਯੋਗ ਮਿਲ ਰਿਹਾ ਹੈ।
ਬਾਕਸ ਲਈ ਪ੍ਰਸਤਾਵਿਤ
ਮਿਸ਼ਨ ਨਿਸ਼ਚੈ ਸ਼ੁਰੂ ਹੋਣ ਉਪਰੰਤ 334 ਨਸ਼ਾ ਤਸਕਰਾਂ ਖਿਲਾਫ ਪੁਲਿਸ ਵੱਲੋਂ ਕਾਰਵਾਈ
ਐਸ.ਐਸ.ਪੀ ਡਾ: ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਨਿਸ਼ਚੈ ਸ਼ੁਰੂ ਹੋਣ ਤੋਂ ਬਾਅਦ 334 ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ 3 ਕਿਲੋ 847 ਗ੍ਰਾਮ ਹੋਰੋਇਨ, 69 ਕਿਲੋ 540 ਗ੍ਰਾਮ ਅਫੀਮ, 76 ਕਿਲੋ 488 ਗ੍ਰਾਮ ਭੁੱਕੀ, 10090 ਨਸ਼ੀਲੀਆਂ ਗੋਲੀਆਂ ਅਤੇ 11,78,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਫਾਜ਼ਿਲਕਾ ਬਦਲ ਰਿਹਾ ਹੈ, ਨਸ਼ੇ ਖਿਲਾਫ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਜੁੜਨ ਲੱਗੇ ਲੋਕ
[wpadcenter_ad id='4448' align='none']