ਯੋਗ ਸਿਹਤਮੰਦ ਜੀਵਨ ਦੀ ਕੂੰਜੀ ਹੈ -ਵਿਧਾਇਕ  ਸੇਖੋਂ

ਫਰੀਦਕੋਟ 21 ਜੂਨ ()ਯੋਗ ਨੂੰ ਸਿਹਤਮੰਦ ਜੀਵਨ ਦੀ ਕੁੰਜੀ ਕਰਾਰ ਦਿੰਦਿਆਂ ਐਮ.ਐਲ.ਏ. ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮਨ ਅਤੇ ਸਿਹਤ ਦੀ ਤੰਦਰੁਸਤੀ ਲਈ ਯੋਗ ਨੂੰ ਨਿਰੰਤਰ ਜਾਰੀ ਰੱਖਣ ਦਾ ਹੌਕਾ ਦਿੱਤਾ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਦਰਬਾਰਗੰਜ ਵਿਖੇ ਆਮ ਲੋਕਾਂ ਨਾਲ ਯੋਗਾ ਅਭਿਆਸ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਯੋਜਨਾ ਦਾ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਲਾਹਾ ਖੱਟਣਾ ਚਾਹੀਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਵਿਧਾਇਕ ਸ. ਸੇਖੋਂ ਨੇ  ਕਿਹਾ ਕਿ ਯੋਗਾ ਕਰਨ ਨਾਲ ਜਿਥੇ ਸਰੀਰਕ ਸ਼ਕਤੀ ਮਿਲਦੀ ਹੈ ਉਸਦੇ ਨਾਲ-ਨਾਲ ਅੰਦਰੂਨੀ ਤਾਕਤ ਵੀ ਪੈਦਾ ਹੁੰਦੀ ਹੈ ਅਤੇ ਅੱਜ ਦੇ ਪਦਾਰਥਵਾਦ ਯੁੱਗ ਵਿਚ ਯੋਗਾ ਸੰਜੀਵਨੀ ਬੂਟੀ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗ ਸਿਹਤਮੰਦ ਜੀਵਨ ਦੀ ਕੂੰਜੀ ਹੈ ਅਤੇ ਸਭ ਨੂੰ ਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਆਸਨਾਂ ਰਾਹੀ ਜਿੱਥੇ ਆਮ ਇਨਸਾਨ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਹੈ, ਉੱਥੇ ਬੁੱਧੀ ਵਧਾਉਣ ਅਤੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰੱਖਣ ਵਿਚ ਯੋਗਾ ਆਸਨ ਸੋਨੇ ਤੇ ਸੁਹਾਗੇ ਵਰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਯੋਗ ਦੇ ਨਾਲ-ਨਾਲ ਅਸੀਂ ਖੇਡਾਂ ਖੇਡ ਕੇ ਵੀ ਤੰਦਰੁਸਤ ਰਹਿ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਯੋਗ ਜਿੱਥੇ ਸਰੀਰ ਦੀ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ, ਉੱਥੇ ਹੀ ਸਰੀਰ ਨੂੰ ਨਿਰੋਗ ਵੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਖੁਰਾਕ ਵਾਂਗ ਹੀ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਾਨੂੰ ਖੁਦ ਅਤੇ ਦੂਜਿਆਂ ਨੂੰ ਵੀ ਯੋਗ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।  ਉਨ੍ਹਾਂ ਨੇ ਕਿਹਾ ਕਿ ਚੰਗੀ ਸਿਹਤ ਲਈ ਚੰਗਾ ਖਾਣ ਪਾਣ, ਕਸਰਤ, ਯੋਗ ਆਦਿ ਜਰੂਰੀ ਹੈ। ਬੱਚਿਆਂ ਨੂੰ ਜ਼ੇਕਰ ਅਸੀਂ ਛੋਟੀ ਉਮਰ ਤੋਂ ਹੀ ਸਾਡੀ ਵਿਰਾਸਤ ਯੋਗ ਨਾਲ ਜ਼ੋੜ ਲਈਏ ਤਾਂ ਇਹ ਪੂਰੀ ਉਮਰ ਲਈ ਉਨ੍ਹਾਂ ਦੀ ਸਿਹਤ ਲਈ ਲਾਭਕਾਰੀ ਰਹੇਗਾ।

ਇਸ ਮੌਕੇ ਵਿਧਾਇਕ ਸੇਖੋਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਹਾਜ਼ਰੀਨ ਨੂੰ ਮੁਫਤ ਬੂਟੇ ਵੰਡੇ ਗਏ। ਮੁਫਤ ਬੂਟੇ ਵੰਡਦੇ ਹੋਏ ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਹੀ ਅੱਜ ਧਰਤੀ ਤੇ ਤਾਪਮਾਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਕੁਦਰਤ ਸਾਨੂੰ ਬਦਲੇ ਵਿੱਚ ਬਹੁਤ ਕੁਝ ਦੇ ਸਕਦੀਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਤੋਂ ਹੀ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਘਰਾਂ, ਚੋਰਸਤਿਆ ਵਿੱਚ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਾਂਗੇ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਬਾਬਾ, ਜਿਲ੍ਹਾ ਗਾਈਡੈਂਸ ਕੌਂਸਲਰ ਸ. ਜਸਬੀਰ ਸਿੰਘ ਜੱਸੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਾਚਰੀ, ਵੱਡੀ ਗਿਣਤੀ ਵਿੱਚ ਜਿਲ੍ਹਾ ਵਾਸੀ ਅਤੇ ਬੱਚੇ ਹਾਜ਼ਰ ਸਨ।

ਇਸ ਤੋਂ ਇਲਾਵਾ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੋਟਕਪੂਰਾ ਵਿਖੇ ਲਾਲਾ ਲਾਜਪਤ ਲਾਏ ਜੀ ਪਾਰਕ ਵਿਖੇ ਲਗਭਗ 150 ਲੋਕਾਂ ਨੂੰ ਯੋਗਾ ਟਰੇਨਰ ਸੋਨਲ ਅਤੇ ਸੀਤਾ ਸਾਮਵਲ ਨੇ ਯੋਗ ਅਭਿਆਸ ਕਰਵਾਇਆ। ਇਸੇ ਤਰ੍ਹਾਂ ਜੈਤੋ ਵਿਖੇ ਕਾਲੂ ਰਾਮ ਗਾਰਡਨ ਵਿਖੇ ਲਗਭਗ 350 ਲੋਕਾਂ ਨੂੰ ਯੋਗਾ ਟਰੇਨਰ ਸੁਨੀਲ ਕੁਮਾਰ ਅਤੇ ਵਿਸ਼ਾਲ ਕੁਮਾਰ ਨੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਯੋਗ ਅਭਿਆਸ ਕਰਵਾਇਆ।

[wpadcenter_ad id='4448' align='none']