ਅਬੋਹਰ 19 ਅਪ੍ਰੈਲ
ਅੱਜ ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਲਈ ਹੋ ਰਹੇ ਮਤਦਾਨ ਦੇ ਮੱਦੇ ਨਜ਼ਰ ਰਾਜਸਥਾਨ ਨਾਲ ਲੱਗਦੀ ਪੰਜਾਬ ਦੀ ਹੱਦ ਤੇ ਸਥਾਪਿਤ ਨਾਕਿਆਂ ਅਤੇ ਸਰਹੱਦੀ ਪਿੰਡਾਂ ਵਿੱਚ ਪੁਲਿਸ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਅਤੇ ਵਧੀਕ ਜ਼ਿਲਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਰਾਜਸਥਾਨ ਨਾਲ ਲੱਗਦੀ ਸਰਹੱਦ ਤੇ 24 ਨਾਕੇ ਲਗਾਏ ਗਏ ਹਨ ਜਿਨਾਂ ਵਿੱਚੋਂ ਦੋ ਹਾਈਟੈਕ ਨਾਕੇ ਹਨ। ਰਾਜਪੁਰੇ ਦੇ ਹਾਈ ਟੈਕ ਨਾਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਆਖਿਆ ਕਿ ਸਾਰੇ ਨਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਉਹਨਾਂ ਆਖਿਆ ਕਿ ਇਸ ਫਲੈਗ ਮਾਰਚ ਦਾ ਇੱਕ ਉਦੇਸ਼ ਇਹ ਹੈ ਕਿ ਰਾਜਸਥਾਨ ਦੀਆਂ ਚੋਣਾਂ ਦੇ ਮੱਦੇ ਨਜ਼ਰ ਕੋਈ ਸ਼ਰਾਰਤੀ ਤੱਤ ਇਧਰੋਂ ਉਧਰ ਨਾ ਜਾ ਸਕੇ ਜਾਂ ਉਧਰੋਂ ਕੋਈ ਗਲਤ ਕੰਮ ਕਰਕੇ ਇਧਰ ਨਾ ਆ ਸਕੇ । ਇਸ ਤੋਂ ਬਿਨਾਂ ਇਸ ਫਲੈਗ ਮਾਰਚ ਦੇ ਰਾਹੀਂ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਣਾ ਹੈ ਕਿ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਜ਼ਿਲ੍ਹੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਹਨ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰ ਸਕਣ।
ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਨਾਕਿਆਂ ਦੀ ਆਨਲਾਈਨ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਿਭਾਗ ਤੋਂ ਇਲਾਵਾ ਐਕਸਾਈਜ਼ ਵਿਭਾਗ ਵੱਲੋਂ ਵੀ ਸਰਹੱਦੀ ਇਲਾਕਿਆਂ ਅਤੇ ਅੰਤਰ ਜ਼ਿਲਾ ਨਾਕਿਆਂ ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਸ਼ਾਂਤਮਈ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਦੋਰਾਨ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਨਾਕੇਬੰਦੀ ਕੀਤੀ ਗਈ ਹੈ ।
ਇਸ ਦੌਰਾਨ ਉਨਾਂ ਵੱਲੋਂ ਰਾਜਪੁਰਾ, ਦੋਦਾ, ਕੁਲਾਰ, ਸੀਤੋ, ਰਾਮਪੁਰਾ, ਬਜੀਦ ਪੁਰ ਭੋਮਾ ਆਦਿ ਸਰਹੱਦੀ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਇਸ ਦੌਰਾਨ ਉਹ ਵੱਖ ਵੱਖ ਨਾਕਿਆਂ ਤੇ ਰੁਕੇ ਅਤੇ ਇਥੇ ਤਾਇਨਾਤ ਸੁਰੱਖਿਆ ਅਮਲੇ ਤੋਂ ਫੀਡਬੈਕ ਲਿਆ।
ਇਸ ਮੌਕੇ ਐਸਪੀ(ਡੀ), ਅਸਿਸਟੈਂਟ ਕਮਿਸ਼ਨਰ ਆਬਕਾਰੀ ਰਣਧੀਰ ਸਿੰਘ, ਡੀਐਸਪੀ ਅਤੇ ਹੋਰ ਪੁਲਿਸ ਅਮਲਾ ਹਾਜ਼ਰ ਸੀ।