ਠੰਡ ਨੇ ਤੋੜਿਆ ਪਿਛਲੇ 9 ਸਾਲਾਂ ਦਾ ਰਿਕਾਰਡ, ਅਗਲੇ 4-5 ਦਿਨ ਤੱਕ ਠੰਡ ਤੋਂ ਨਹੀਂ ਮਿਲੇਗੀ ਰਾਹਤ
Fog Alert Cold Wave
Fog Alert Cold Wave
ਪੂਰੇ ਉੱਤਰੀ ਭਾਰਤ ਸਮੇਤ ਪੰਜਾਬ ਵਿਚ ਠੰਡ ਦਾ ਕਹਿਰ ਆਉਣ ਵਾਲੇ ਪੰਜ ਦਿਨਾਂ ਤਕ ਜਾਰੀ ਰਹੇਗਾ। ਆਉਣ ਵਾਲੇ ਚਾਰ ਦਿਨ ਰੈੱਡ ਅਲਰਟ ਵਿਚ ਬੀਤਣ ਦੀ ਸੰਭਾਵਨਾ ਹੈ। ਹਵਾ ਵਿਚ ਨਮੀ ਦੀ ਮਾਤਰਾ, ਹਵਾ ਦੀ ਰਫ਼ਤਾਰ ਜ਼ੀਰੋ, ਇਕ ਜਾਂ ਦੋ ਕਿ.ਮੀ. ਪ੍ਰਤੀ ਘੰਟਾ ਅਤੇ ਬਾਰਿਸ਼ ਦੀ ਘਾਟ ਬਰਕਰਾਰ ਰਹਿਣ ਵਰਗੇ ਹਾਲਾਤ ਧੁੰਦ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਦੇਣਗੇ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਬੀਤੀ ਰਾਤ ਦੀ ਠੰਡ ਨੇ ਪੰਜਾਬ ਦੀ ਠੰਡ ਦਾ ਪਿਛਲੇ 9 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
9 ਸਾਲ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮਨਫੀ ਇਕ ਡਿਗਰੀ ਦਰਜ ਕੀਤਾ ਗਿਆ ਸੀ ਅਤੇ ਮੌਜੂਦਾ ਸਾਲ ਦੇ ਜਨਵਰੀ ਮਹੀਨੇ ਵਿਚ ਬੀਤੀ ਰਾਤ ਦਾ ਨਵਾਂਸ਼ਹਿਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮਨਫੀ ਭਾਵ -0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 14 ਜਨਵਰੀ ਦੀ ਰਾਤ ਨੂੰ ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ -0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਡ ਦਾ ਕਹਿਰ ਵੈਸਟਰਨ ਡਿਸਟਰਬੈਂਸ ਦੇ ਆਉਣ ਵਿਚ ਦੇਰੀ ਹੋਣ ਕਾਰਨ ਵੀ ਹੈ। ਆਮ ਤੌਰ ’ਤੇ ਜਨਵਰੀ ਮਹੀਨੇ ਵਿਚ ਹੁਣ ਤਕ ਇਕ ਜਾਂ ਦੋ ਮੀਂਹ ਪੈਂਦੇ ਰਹੇ ਹਨ। ਮੀਂਹ ਧੁੰਦ ਨੂੰ ਸਾਫ਼ ਕਰ ਦਿੰਦਾ ਹੈ। ਬਾਰਸ਼ ਦੇ ਆਉਣ ਵਿਚ ਦੇਰੀ, ਹਵਾ ਵਿਚ ਨਮੀ ਦੀ ਜ਼ਿਆਦਾ ਮਾਤਰਾ ਅਤੇ ਹਵਾ ਦੀ ਰਫ਼ਤਾਰ ਜ਼ੀਰੋ ਅਤੇ ਇਸ ਦੇ ਆਸਪਾਸ ਹੋਣ ਕਾਰਨ ਧੁੰਦ ਹਟਣ ਦਾ ਨਾਂ ਨਹੀਂ ਲੈ ਰਹੀ। ਪੱਛਮੀ ਪੌਣਾਂ ਦਾ ਦਬਾਅ ਮੱਧਸਾਗਰ ਵਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਵੱਲ ਵਧਦਾ ਹੈ ਪਰ ਆਉਣ ਵਾਲੇ 6 ਤੋਂ 7 ਦਿਨਾਂ ਵਿਚ ਪੱਛਮੀ ਪੌਣਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ। ਇਸ ਲਈ ਲੋਕਾਂ ਨੂੰ ਠੰਡ ਤੋਂ ਜਲਦੀ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਹੀਂ ਦਿਸ ਰਹੀ ਹੈ।
READ ALSO:ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਲਈ ਰੋਡ ਕਰੈਸ਼ ਇਨਵੈਸਟੀਗੇਸ਼ਨ ਵਾਹਨ ਲਾਂਚ
ਬੀਤੀ ਰਾਤ ਫਿਰ ਪਈ ਹੱਡ ਚੀਰਵੀਂ ਠੰਡ
ਚੰਡੀਗੜ੍ਹ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਬੀਤੀ ਰਾਤ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ, ਲੁਧਿਆਣਾ ਦਾ 3.3 ਡਿਗਰੀ ਸੈਲਸੀਅਸ, ਪਟਿਆਲਾ ਦਾ 3.1 ਡਿਗਰੀ ਸੈਲਸੀਅਸ, ਪਠਾਨਕੋਟ ਦਾ 4 ਡਿਗਰੀ ਸੈਲਸੀਅਸ, ਜਲੰਧਰ ਦਾ 4.3 ਡਿਗਰੀ ਸੈਲਸੀਅਸ, ਲੁਧਿਆਣਾ ਦੇ ਹਲਵਾਰਾ ਦਾ 4.6 ਡਿਗਰੀ ਸੈਲਸੀਅਸ, ਬਠਿੰਡਾ ਦਾ 3 ਡਿਗਰੀ ਸੈਲਸੀਅਸ, ਫਰੀਦਕੋਟ ਦਾ 3.5 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ 3.5 ਡਿਗਰੀ ਸੈਲਸੀਅਸ, ਨਵਾਂਸ਼ਹਿਰ ਦਾ ਤਾਪਮਾਨ ਮਨਫੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
Fog Alert Cold Wave