ਖੁਰਾਕੀ ਵਸਤਾਂ ਵੇਚਣ ਵਾਲਿਆਂ ਲਈ ਫੂਡ ਸੇਫਟੀ ਨਿਯਮਾਂ ਦਾਪਾਲਣ ਕਰਨਾ ਜ਼ਰੂਰੀ-ਡਿਪਟੀ ਕਮਿਸ਼ਨਰ

ਮਾਨਸਾ, 13 ਸਤੰਬਰ :
ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾ ਜੁਲਾਈ ਅਤੇ ਅਗਸਤ 2024 ਦੀ ਡੀ-ਲੈਕ (ਡਿਸਟ੍ਰਿਕ ਲੈਵਲ ਅਡਵਾਇਜ਼ਰੀ ਕਮੇਟੀ) ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਕਮੇਟੀ ਮੈਂਬਰਾਂ ਨੂੰ ਖਾਣ—ਪੀਣ ਵਾਲੀਆਂ ਵਸਤਾਂ ਦੀ ਸ਼ੁੱਧਤਾ, ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਆਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੂਦ ਹਲਵਾਈ ਦੁਕਾਨਦਾਰਾ ਨੂੰ ਮਿਠਾਈ ਵਿੱਚ ਘੱਟ ਰੰਗ ਦੀ ਵਰਤੋਂ ਕਰਨ, ਰਸੋਈ ਵਿੱਚ ਸਾਫ-ਸਫਾਈ ਰੱਖਣ ਅਤੇ ਖਾਣ-ਪੀਣ ਦੀਆਂ ਵਸਤਾਂ ਲਈ ਫੂਡ ਸੇਫਟੀ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਾਫ—ਸੁਥਰਾ ਅਤੇ ਸ਼ੁੱਧ ਖਾਣਾ ਦੇਣਾ ਯਕੀਨੀ ਬਣਾਇਆ ਜਾਵੇ। ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਤੰਬਾਕੂ ਰਹਿਤ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਆਂਗਣਵਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਮਿਡ-ਡੇਅ-ਮੀਲ ਬਣਾਉਣ ਵਾਲੇ ਸਾਰੇ ਕਰਮਚਾਰੀਆਂ ਦਾ ਮੈਡੀਕਲ ਕਰਵਾਇਆ ਜਾਵੇ, ਸਕੂਲਾਂ ਵਿੱਚ ਬੱਚਿਆਂ ਨੂੰ ਫੂਡ ਸੇਫਟੀ ਪ੍ਰਤੀ ਜਾਣਕਾਰੀ ਦਿੱਤੀ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਕਰਵਾਈ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਕਿਹਾ ਕਿ ਜੋ ਕਰਮਚਾਰੀ ਮੈਡੀਕਲ ਕਰਵਾਉਣ ਉਪਰੰਤ ਕਿਸੇ ਬਿਮਾਰੀ ਤੋਂ ਪ੍ਰਭਾਵਿਤ ਹਨ, ਉਨ੍ਹਾ ਦੇ ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਹੋਣ ਉਪਰੰਤ ਹੀ ਉਹਨਾਂ ਕਰਮਚਾਰੀਆਂ ਤੋਂ ਕੰਮ ਲਿਆ ਜਾਵੇ ਅਤੇ ਇਸ ਦੋਰਾਨ ਇਹਨਾਂ ਕਰਮਚਾਰੀਆਂ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ।
ਇਸ ਦੌਰਾਨ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਕਿਹਾ ਕਿ ਦੁਕਾਨਾਂ ਵਿੱਚ ਕੰਮ ਕਰਦੇ ਮੁਲਾਜਮਾਂ ਦਾ ਮੈਡੀਕਲ ਕਰਵਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸੇ ਮੁਲਾਜ਼ਮ ਤੋਂ ਅੱਗੇ ਕਿਸੇ ਦੁਕਾਨ ਮਾਲਕ ਜਾਂ ਗ੍ਰਾਹਕ ਨੂੰ ਕੋਈ  ਬਿਮਾਰੀ  ਦਾ ਖਤਰਾ ਨਾ ਬਣ ਸਕੇ।
ਜਿਲ੍ਹਾ ਸਿਹਤ ਅਫਸਰ ਡਾ.ਰਣਜੀਤ ਸਿੰਘ ਰਾਏ ਨੇ ਮੀਟਿੰਗ ਦੌਰਾਨ ਦੱਸਿਆ ਕਿ ਟੀਮ ਵੱਲੋਂ ਖਾਣ-ਪੀਣ ਦਾ ਕੰਮ ਕਰਨ ਵਾਲੇ ਅਦਾਰਿਆਂ ਦੇ ਜਾਗਰੂਕਤਾ ਕੈਂਪ ਲਗਾਕੇ ਉਹਨਾਂ ਨੂੰ ਲਾਇਸੈਂਸ/ਰਜਿਸਟ੍ਰੇਸ਼ਨ, ਸਾਫ—ਸਫਾਈ ਅਤੇ ਮੁਲਾਜਮਾਂ ਦੇ ਮੈਡੀਕਲ ਕਰਵਾਉਣ, ਵਾਲਾਂ ਨੂੰ ਟੋਪੀ ਨਾਲ ਚੰਗੀ ਤਰ੍ਹਾ ਢੱਕਕੇ ਰੱਖਣ, ਕੰਨਾ ਵਿੱਚ ਵਾਲੀਆਂ ਜਾਂ ਹਾਰ ਨਾ ਪਾਉਣ, ਸਾਫ—ਸੁਥਰੇ ਕੱਪੜੇ ਪਾਉਣ, ਘੜੀ ਜਾਂ ਮੁੰਦਰੀ ਨਾ ਪਾਉਣ, ਨਹੁੰ ਛੋਟੇ ਅਤੇ ਸਾਫ ਰੱਖਣ, ਫਟੇ ਹੋਏ ਕੱਪੜੇ ਨਾ ਪਾਉਣ, ਸੁਰੱਖਿਅਤ ਜੁੱਤੇ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਸਬੰਧੀ ਲਾਇਸੰਸ ਜਾਂ ਰਜਿਸਟ੍ਰੇਸ਼ਨ ਲਈ ਕੋਈ ਵੀ ਦੁਕਾਨਦਾਰ ਆਪਣੇ ਘਰ ਬੈਠੇ ਹੀ ਆਨਲਾਈਨ 6OS3OS.6SS19.7OV.9N ’ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੁਲਾਈ ਅਤੇ ਅਗਸਤ 2024 ਦੇ ਮਹੀਨੇ ਵਿੱਚ ਵੱਖ-ਵੱਖ ਸਕੂਲਾਂ ਵਿੱਚ ਮਿਡ-ਡੇਅ-ਮੀਲ ਦੀ ਚੈਕਿੰਗ ਕਰਕੇ ਸੈਂਪਲ ਲਏ ਗਏ ਅਤੇ ਮੌਕੇ ’ਤੇ ਸਾਫ- ਸਫਾਈ ਅਤੇ ਮੁਲਾਜਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਦੌਰਾਨ ਫੂਡ ਸੇਫ਼ਟੀ ਅਫ਼ਸਰ ਸ਼੍ਰੀ ਅਮਰਿੰਦਰਪਾਲ ਸਿੰਘ ਨੇ ਹਲਵਾਈ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਆਉਣ ਵਾਲੇ ਤਿਉਹਾਰੀ ਸ਼ੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਸਖ਼ਤ ਪਾਲਣਾ ਕੀਤੀ ਜਾਵੇ। ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਜੋ ਰੇਹੜੀ ਵਾਲੇ ਫੂਡ ਵਿਕਰੇਤਾ ਹਨ, ਉਨ੍ਹਾਂ ਦੀ ਐਫ.ਐਸ.ਆਈ. ਰਜਿਸਟ੍ਰੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ’ਤੋਂ ਹਲਵਾਈ ਯੂਨੀਅਨ ਦੇ ਨਮਾਇੰਦੇ ਆਦਿ ਮੌਜੂਦ ਸਨ। 

[wpadcenter_ad id='4448' align='none']