ਮੱਕੀ ਦੇ ਬੀਜ ਤੇ ਸਬਸਿਡੀ ਲਈ, ਕਿਸਾਨ 25 ਜੁਲਾਈ ਤਕ ਰਜਿਸਟਰ ਕਰਵਾ ਸਕਦੇ ਹਨ –ਡਿਪਟੀ ਕਮਿਸ਼ਨਰ 

ਫਰੀਦਕੋਟ 18 ਜੁਲਾਈ 2024 (          ) ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਸਾਉਣੀ ਦੀ ਪਕਾਵੀ ਦੀ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਨੂੰ ਘੱਟ ਕੀਤਾ ਜਾ ਸਕੇ। ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਬੀਜ ਸਬਸਿਡੀ ਤੇ ਦਿੱਤੇ ਜਾ ਰਹੇ ਹਨ । ਮੱਕੀ ਦਾ ਬੀਜ ਸਬਸਿਡੀ ਤੇ ਲੈਣ ਲਈ ਪੋਰਟਲ ਤੇ ਅਪਲਾਈ ਕਰਨ ਲਈ ਆਖਰੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ ਜਿਸ ਅਨੁਸਾਰ ਮੱਕੀ ਕਾਸ਼ਤਕਾਰ 25 ਜੁਲਾਈ ਤਕ ਅਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ।

ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਜ਼ਿਲਾ ਫ਼ਰੀਦਕੋਟ ਵਿੱਚ 30 ਹੈਕਟੇਅਰ ਰਕਬੇ ਵਿੱਚ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਉਹਨਾ ਦੱਸਿਆ ਕਿ ਮੱਕੀ ਦੇ ਪ੍ਰਦਰਸ਼ਨੀ ਪਲਾਟਾਂ ਲਈ 6000/- ਰੁ ਪ੍ਰਤੀ ਹੈਕਟੇਅਰ ਦੀ ਦਰ ਨਾਲ ਕਿਸਾਨਾਂ ਨੂੰ ਮੱਕੀ ਦਾ ਬੀਜ ਅਤੇ ਹੋਰ ਇੰਨਪੁਟਸ ਜਿਵੇ ਖਾਦਾਂ, ਦਵਾਈਆਂ ਆਦਿ ਸਹਾਇਤਾ ਦੇ ਤੌਰ ਤੇ ਦਿੱਤੇ ਜਾ ਰਹੇ ਹਨ । 

ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਪ੍ਰਮਾਣਿਤ ਮੱਕੀ ਦੀਆ ਹਾਈਬ੍ਰਿਡ ਕਿਸਮਾ ਤੇ 100/- ਰੁ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਬਸਿਡੀ ਤੇ ਬੀਜ ਕਿਸਾਨਾ ਨੂੰ ਡੀਬੀਟੀ ਰਾਹੀ ਉਪਲੱਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੱਧ ਤੋ ਵੱਧ 5 ਏਕੜ ਜਾ 10 ਪੈਕੇਟ ਮੱਕੀ ਦੀਆ ਹਾਈਬ੍ਰਿਡ ਕਿਸਮਾ ਦਾ ਬੀਜ ਸਬਸਿਡੀ ਤੇ ਲੈ ਸਕਦੇ ਹਨ ।

ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ ਮੱਕੀ ਨੂੰ ਵੱਟਾ ਉੱਤੇ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋਂ ਵਾਧੂ ਬਰਸਾਤ ਦਾ ਪਾਣੀ ਫ਼ਸਲ ਨੂੰ ਪ੍ਰਭਾਵਤ ਨਾਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਚਾਰੇ ਵਾਸਤੇ ਮੱਕੀ ਦੀ ਕਾਸ਼ਤ ਕੀਤੀ ਹੈ ਉਹ ਕਟਾਈ ਉਪਰੰਤ ਸਾਉਣੀ ਦੀ ਪਕਾਵੀਂ ਮੱਕੀ ਦੀ ਕਾਸ਼ਤ ਕਰ ਸਕਦੇ ਹਨ  ਜਿਸ ਲਈ ਵਿਭਾਗ ਵੱਲੋਂ 6000/- ਪ੍ਰਤੀ ਹੈਕਟੇਅਰ ਮਾਲੀ ਸਹਾਇਤਾ ਵੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੱਕੀ ਦੀ ਕਾਸ਼ਤ ਲਈ ਲੋੜੀਂਦੀ ਨਵੀਨਤਮ ਮਸ਼ੀਨਰੀ ਜਿਵੇ ਕਿ ਨਿਊਮੈਟਿਕ ਪਲਾਂਟਰ, ਮੇਜ ਸ਼ੈਲਰ ਆਦਿ ਲੈਣ ਲਈ ਬਲਾਕ ਖੇਤੀਬਾੜੀ ਅਫਸਰਾ ਨਾਲ ਸੰਪਰਕ ਕੀਤਾ ਜਾਵੇ ਅਤੇ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਬਲਾਕ ਖੇਤੀਬਾੜੀ ਅਫਸਰ ਜਾ ਖੇਤੀਬਾੜੀ ਵਿਕਾਸ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ।

[wpadcenter_ad id='4448' align='none']