ਫ਼ਿਰੋਜ਼ਪੁਰ 23 ਅਗਸਤ 2024:
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਣ ਮਹਾਂਉਤਸਵ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਸ. ਬਲਰਾਜ ਸਿੰਘ ਕਟੋਰਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਕਾਲਜ ਪ੍ਰਿੰਸੀਪਲ ਸ਼੍ਰੀ ਜਤਿੰਦਰ ਪਾਲ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਕਾਲਜ ਵਿੱਚ ਨਵੇਂ ਉਸਾਰੇ ਗਏ ਪਾਰਕ ਵਿੱਚ ਪੌਦੇ ਲਗਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹਰਿਆ-ਭਰਿਆ ਤੇ ਤੰਦਰੁਸਤ ਪੰਜਾਬ ਸਿਰਜਣ ਦੀ ਮੁਹਿੰਮ ਤਹਿਤ ਰਾਜ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਨਵੇਂ ਰੁੱਖ ਲਗਾਏ ਜਾ ਰਹੇ ਹਨ। ਇਸੇ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਦੇ ਮਾਧਿਅਮ ਨਾਲ ’ਹਰ ਮਨੁੱਖ ਲਾਵੇ ਇਕ ਰੁੱਖ‘ ਮੁਹਿੰਤ ਤਹਿਤ 12 ਲੱਖ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ। ਸਮਾਗਮ ਦੌਰਾਨ ਵਿਧਾਇਕ ਸ. ਭੁੱਲਰ ਵੱਲੋਂ ਕਾਲਜ ਸਟਾਫ ਅਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ’ਤੇ ਰਾਬਤਾ ਕਾਇਮ ਕੀਤਾ ਗਿਆ ਅਤੇ ਕਾਲਜ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਨੂੰ ਸੁਣਦੇ ਹੋਏ ਉਨ੍ਹਾਂ ਦੇ ਉਚੇਚੇ ਤੌਰ ‘ਤੇ ਹੱਲ ਕਰਵਾਉਣ ਦਾ ਭਰੋਸਾ ਵੀ ਜਤਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਅੱਗੇ ਆਉਣ ਅਤੇ ਵੱਧ ਚੱੜ ਕੇ ਨਵੇਂ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ। ਕਾਲਜ ਵੱਲੋਂ ਚਲਾਈ ਇਸ ਮੁਹਿੰਮ ਦੀ ਸਲਾਘਾ ਕਰਦਿਆਂ ਉਨ੍ਹਾ ਕਿਹਾ ਕਿ ਜੇਕਰ ਹਰ ਨੌਜਵਾਨ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਦਰੱਖਤ ਲਗਾਕੇ ਉਸਦੀ ਸਾਂਭ ਸੰਭਾਲ ਦਾ ਪ੍ਰਣ ਲਵੇ ਤਾਂ ਇਸ ਪੰਜਾਬ ਨੂੰ ਜਲਦ ਹੀ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ ਅਤੇ ਇਸ ਕੰਮ ਦੀ ਸ਼ੁਰੂਆਤ ਲਈ ਵਿਦਿਆਰਥੀ ਵਰਗ ਨੂੰ ਅੱਗੇ ਆਉਣ ਦੀ ਵਿਸ਼ੇਸ਼ ਲੋੜ ਹੈ।
ਸਮਾਗਮ ਦੌਰਾਨ ਸਮਾਜਸੇਵੀ ਸੰਸਥਾ ਲਾਇਨਸ ਕਲੱਬ (ਬਾਰਡਰ), ਫ਼ਿਰੋਜ਼ਪੁਰ ਵੱਲੋਂ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਸੰਸਥਾ ਵੱਲੋਂ ਕਾਲਜ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਕਾਲਜ ਪਾਰਕ ਦੀ ਦਿੱਖ ਨੂੰ ਸੁੰਦਰ ਬਨਾਉਣ ਲਈ ਆਪਣੇ ਵੱਲੋਂ ਗਮਲੇ ਅਤੇ ਬੂਟੇ ਕਾਲਜ ਨੂੰ ਭੇਂਟ ਕੀਤੇ ਗਏ। ਇਸ ਦੌਰਾਨ ਆਏ ਸਾਰੇ ਹੀ ਮਹਿਮਾਨਾਂ ਵੱਲੋਂ ਕਾਲਜ ਪਾਰਕ ਵਿੱਚ ਨਵੇਂ ਬੂਟੇ ਲਗਾਏ ਗਏ। ਇਸ ਮੌਕੇ ਵਿਧਾਇਕ ਵੱਲੋਂ ਕਾਲਜ ਵੱਲੋਂ ਸਮੇਂ-ਸਮੇਂ ਤੇ ਕਰਵਾਈਆਂ ਗਈਆਂ ਵੱਖ-ਵੱਖ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਗਈ।
ਕਾਲਜ ਪ੍ਰਿੰਸੀਪਲ ਸ਼੍ਰੀ ਜਤਿੰਦਰਪਾਲ ਵੱਲੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਾਲ ਆਏ ਸਮੂਹ ਪਤਵੰਤੇ ਸੱਜਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀ ਸੁਧੀਰ ਕੁਮਾਰ, ਸ਼੍ਰੀ ਡਿੰਪਲ ਬੱਧਵਾਰ, ਸ਼੍ਰੀ ਅਮਰਸੀਰ ਸਿੰਘ, ਸ਼੍ਰੀ ਰਾਜੇਸ਼ ਬਾਹਰੀ, ਸ਼੍ਰੀ ਸੁਖਪਾਲ ਸਿੰਘ, ਸਮੂਹ ਕਾਲਜ ਸਟਾਫ, ਲਾਇੰਸ ਕਲੱਬ (ਬਾਰਡਰ), ਫ਼ਿਰੋਜ਼ਪੁਰ ਦੇ ਪ੍ਰਧਾਨ ਲਾਇਨ ਸ਼੍ਰੀ ਦੀਪਕ ਗੁਪਤਾ, ਲਾਇਨ ਸ਼੍ਰੀ ਰੋਹਿਤ ਗਰਗ (ਖੇਤਰੀ ਚੇਅਰਪਰਸਨ) ਅਤੇ ਲਾਇਨ ਸੌਰਵ ਪੂਰੀ ਆਦਿ ਹਾਜ਼ਰ ਸਨ।