ਫ਼ਿਰੋਜ਼ਪੁਰ, 10 ਮਈ 2024.
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿਖੇ ਨਾਮਜ਼ਦਗੀਆਂ ਤੇ ਚੌਥੇ ਦਿਨ ਚਾਰ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਚੌਥੇ ਦਿਨ 04 ਉਮੀਦਵਾਰਾਂ ਸ਼੍ਰੀ ਮੋਹਨ ਸਿੰਘ (ਆਜ਼ਾਦ), ਸ੍ਰੀ ਨਰਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ) ਤੇ ਸ੍ਰੀ ਹਰਪਿੰਦਰ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ) ਅਤੇ ਜਸਕਰਨ ਸਿੰਘ (ਆਜ਼ਾਦ) ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਤੋਂ ਦੁਪਹਿਰ 3:00 ਵਜੇ ਤੱਕ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਆਖਰੀ ਮਿਤੀ 14 ਮਈ 2024 ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਲੋਕ ਸਭਾ ਹਲਕਾ 10 – ਫਿਰੋਜ਼ਪੁਰ ਲਈ ਕੁੱਲ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਨਾਮਜ਼ਦਗੀਆਂ ਦੀ ਵਾਪਸੀ 17 ਮਈ ਤੱਕ ਹੋਵੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਇਕ ਉਮੀਦਵਾਰ ਆਪਣੀ ਚੋਣ ਮੁਹਿੰਮ ’ਤੇ 95 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਨਹੀਂ ਕਰ ਸਕਦਾ ਅਤੇ 20 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਕੇਵਲ ਚੈੱਕ ਰਾਹੀਂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਵੱਲੋਂ ਕੀਤੇ ਗਏ ਖ਼ਰਚੇ ਦਾ ਖ਼ਰਚਾ ਰਜਿਸਟਰ ਵਿਚ ਇੰਦਰਾਜ ਕਰਨਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ 11 ਮਈ, 2024 ਨੂੰ ਦੂਜਾ ਸ਼ਨੀਵਾਰ ਅਤੇ 12 ਮਈ, 2024 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਹੋਵੇਗੀ। ਇਨ੍ਹਾਂ ਦੋਵੇਂ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।