Fraud case
ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਇਸ ਆਸ ਨਾਲ ਵਿਦੇਸ਼ ਭੇਜਦਾ ਹੈ ਕਿ ਉਹ ਉਥੇ ਜਾ ਕੇ ਉਹ ਲੜਕੇ ਨੂੰ ਵੀ ਵਿਦੇਸ਼ ਲੈ ਜਾਵੇਗੀ ਪਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚ ਲੜਕੀ ਆਪਣੇ ਫਾਇਦੇ ਲਈ ਵਿਦੇਸ਼ ਜਾਣ ਤੋਂ ਬਾਅਦ ਪਤੀ ਨੂੰ ਬਾਹਰ ਬੁਲਾਉਣ ਤੋਂ ਇਨਕਾਰ ਕਰ ਦਿੰਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਪਿੰਡ ਡਬੁੱਦੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਤਾਂ ਜੋ ਉਹ ਆਪਣੇ ਬੇਟੇ ਨੂੰ ਵੀ ਕੈਨੇਡਾ ਵਿੱਚ ਸੈਟਲ ਹੋਣ ਲਈ ਬੁਲਾ ਸਕੇ, ਪਰ ਕੁੜੀ ਵਿਦੇਸ਼ ਜਾ ਕੇ ਮੁੱਕਰ ਗਈ। ਜਦੋਂ ਲੜਕਾ ਆਪਣੇ ਖਰਚੇ ਤੇ ਅਤੇ ਲੜਕੀ ਦੀ ਮਰਜ਼ੀ ਤੋਂ ਬਿਨਾਂ ਕੈਨੇਡਾ ਗਿਆ ਤਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਸੋਗ ਕਾਰਨ ਲੜਕਾ ਵੀ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ। ਜਿਸ ਤੋਂ ਦੁਖੀ ਹੋ ਕੇ ਪਰਿਵਾਰ ਨੇ ਲੜਕੀ ਦੇ ਪਰਿਵਾਰ ਵਾਲਿਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਦਕਿ ਪੁਲਿਸ ਨੇ ਲੜਕੀ ਦੇ ਪਿਤਾ ਅਤੇ ਮਾਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਦਬੁੱਦੀ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਜੁਗਰਾਜ ਸਿੰਘ ਨੇ ਜਨਵਰੀ 2018 ‘ਚ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਲੜਕੀ ਦੇ ਪਰਿਵਾਰ ਨਾਲ ਹੋਏ ਸਮਝੌਤੇ ਅਨੁਸਾਰ ਅਮਨਦੀਪ ਕੌਰ ਨੇ ਆਈਲੈਟਸ ਕਰਵਾਉਣ ਤੋਂ ਬਾਅਦ ਉਸ ਨੂੰ ਪਹਿਲਾਂ ਅਮਰੀਕਾ ਅਤੇ ਫਿਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਦਿੱਤੀ, ਪਰ ਗੱਲ ਸਿਰੇ ਨਹੀਂ ਚੜ੍ਹੀ।
ਮਾਰਚ 2019 ਵਿੱਚ ਉਸ ਦੀ ਕੈਨੇਡੀਅਨ ਫਾਈਲ ਲਗ ਗਈ ਅਤੇ ਲੱਖਾਂ ਰੁਪਏ ਅਦਾ ਕਰਨ ਤੋਂ ਬਾਅਦ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ। ਕੁਝ ਮਹੀਨਿਆਂ ਬਾਅਦ ਉਹ ਭਾਰਤ ਵਾਪਸ ਆਈ ਅਤੇ ਇਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਦੁਬਾਰਾ ਕੈਨੇਡਾ ਚਲੀ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਜੁਗਰਾਜ ਸਿੰਘ ਨੂੰ ਵੀ ਕੈਨੇਡਾ ਬੁਲਾ ਲਵੇਗੀ। ਇਸ ਵਾਰ ਵੀ ਉਹਨਾਂ ਨੇ ਸਾਰਾ ਖਰਚਾ ਚੁੱਕਿਆ। ਇਸ ਤੋਂ ਬਾਅਦ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਮਨਦੀਪ ਕੌਰ ਨੇ ਜੁਗਰਾਜ ਸਿੰਘ ਨੂੰ ਉੱਥੇ ਨਹੀਂ ਬੁਲਾਇਆ, ਇਸ ਲਈ ਲੜਕੀ ਦੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਸਲਾਹ ਕਰਕੇ ਜੁਗਰਾਜ ਸਿੰਘ ਨੂੰ ਆਪਣੇ ਖਰਚੇ ‘ਤੇ ਕੈਨੇਡਾ ਭੇਜ ਦਿੱਤਾ, ਪਰ ਅਮਨਦੀਪ ਨਾ ਤਾਂ ਉਸ ਨੂੰ ਲੈਣ ਆਈ ਅਤੇ ਨਾ ਹੀ ਉਸ ਨੂੰ ਨਾਲ ਰੱਖਣ ਨੂੰ ਤਿਆਰ ਹੋਈ | ਉਹ ਜੁਗਰਾਜ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਗ ਪਈ।
Fraud case
ਉਹ ਕੈਨੇਡਾ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਰਿਹਾ ਅਤੇ ਇਸ ਦੁੱਖ ਵਿਚ ਮਾਨਸਿਕ ਤੌਰ ‘ਤੇ ਬਿਮਾਰ ਹੋ ਗਿਆ, ਜਿਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਉਹ ਆਪਣੇ ਖਰਚੇ ‘ਤੇ ਵਾਪਸ ਭਾਰਤ ਲਿਆਇਆ ਅਤੇ ਹੁਣ ਇਲਾਜ ਅਧੀਨ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਵਿੱਚ ਕਰੀਬ 34 ਲੱਖ ਰੁਪਏ ਖਰਚ ਕਰ ਚੁੱਕੇ ਹਨ। ਉਸ ਨੇ ਅਮਨਦੀਪ ਅਤੇ ਉਸਦੇ ਪਰਿਵਾਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਮਨਦੀਪ ਨੂੰ ਵਿਦੇਸ਼ ਭੇਜਣ ਲਈ ਉਸ ਵੱਲੋਂ ਖਰਚ ਕੀਤੀ ਗਈ ਰਕਮ ਵਾਪਸ ਕੀਤੀ ਜਾਵੇ ਅਤੇ ਉਸ ਅਤੇ ਉਸਦੇ ਪਰਿਵਾਰ ਖਿਲਾਫ ਕਾਰਵਾਈ ਕੀਤੀ ਜਾਵੇ।
READ ALSO: ਗੂਗਲ ਨੇ ਐਪ ਸਟੋਰ ਤੋਂ 10 ਤੋਂ ਵੱਧ ਭਰਤੀ ਐਪਸ ਕੀਤੀਆਂ ਡਿਲੀਟ
ਇਸ ਦੇ ਨਾਲ ਹੀ ਡੀਐਸਪੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦੀ ਨੂੰਹ ਅਮਨਦੀਪ ਕੌਰ ਉਸ ਦੇ ਲੜਕੇ ਜੁਗਰਾਜ ਸਿੰਘ ਨੂੰ ਪੀਆਰ ਲਈ ਵਿਦੇਸ਼ ਬੁਲਾਉਣ ਦੇ ਵਾਅਦੇ ਤੋਂ ਮੁੱਕਰ ਗਈ ਹੈ ਅਤੇ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ। ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਲੜਕੀ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Fraud case