ਜ਼ਿਲ੍ਹਾ ਫ਼ਰੀਦਕੋਟ ਦੇ ਵੱਖ ਵੱਖ ਬੂਥਾਂ ਤੇ ਵੋਟਰਾਂ ਨੂੰ ਵੰਡੇ ਗਏ ਮੁਫਤ ਬੂਟੇ

ਫ਼ਰੀਦਕੋਟ 01 ਜੂਨ,2024

ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 09 ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਗਰੀਨ ਬੂਥ ਲਾਉਣ ਦੀ ਪਹਿਲਕਦਮੀ ਕੀਤੀ ਗਈ। ਇਸ ਤਹਿਤ ਵੋਟਰਾਂ ਨੂੰ ਜਿਥੇ ਮੁਫ਼ਤ ਪੌਦੇ ਵੰਡੇ ਗਏ ਉਥੇ ਘਰ ਨੂੰ ਕੂੜਾ ਅਤੇ ਪਾਲੀਥੀਨ ਮੁਕਤ ਬਣਾਉਣ ਲਈ ਕੱਪੜੇ ਦੇ ਥੈਲੇ ਵੀ ਵੰਡੇ ਗਏ ।


ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ (09) ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਬੂਥਾਂ ਨੂੰ ਸੁੰਦਰ ਤਰੀਕੇ ਨਾਲ ਹਰਿਆਵਲ ਨਾਲ ਸਜਾਇਆ ਗਿਆ ਅਤੇ ਵੋਟਰਾਂ ਨੂੰ ਮੁਫ਼ਤ ਪੌਦੇ ਵੰਡੇ ਗਏ ਤਾਂ ਜੋ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਸਕੇ ।

ਉਹਨਾਂ ਦੱਸਿਆ ਕਿ ਇਹ ਬੂਥ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨਾ ਅਤੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦੇ ਤੇ ਲੋਕਾਂ ਨੂੰ ਸੁਨੇਹਾ ਦੇਣਾ ਹੈ । ਉਨ੍ਹਾਂ ਦੱਸਿਆ ਕਿ ਸਾਰੇ ਬੂਥਾਂ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਡਿਊਟੀ ਤੇ ਤਾਇਨਾਤ ਚੋਣ ਅਮਲਾ ਅਤੇ ਵੋਟ ਪਾਉਣ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ ।

ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਤਪਦੀ ਗਰਮੀ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਵੀ ਵੋਟਰਾਂ ਨੂੰ ਮੁਹੱਈਆ ਕਰਵਾਈ ਗਈ ਜਿਸ ਦੀ ਹਰ ਆਉਣ ਵਾਲੇ ਵੋਟਰ ਨੇ ਸ਼ਲਾਂਘਾ ਕੀਤੀ। ਉਨ੍ਹਾਂ ਦੱਸਿਆ ਕਿ ਕਈ ਬੂਥਾਂ ਨੂੰ ਪੁਰਾਣੇ ਸਮਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਚਰਖੇ,ਪੀੜੀ, ਗਰਾਮੋਫੋਨ ਆਦਿ ਨਾਲ ਸਜਾਇਆ ਗਿਆ ਤਾਂ ਜੋ ਵੋਟਰ ਪੋਲਿੰਗ ਬੂਥਾਂ ਵੱਲ ਆਕਰਸ਼ਿਤ ਹੋਣ ।

[wpadcenter_ad id='4448' align='none']