ਮੋਗਾ ਵਿੱਚ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸੈਂਟਰ ਸ਼ੁਰੂ

ਮੋਗਾ, 2 ਫਰਵਰੀ (000) – ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨੇ ਨਿਵੇਕਲਾ ਉਪਰਾਲਾ ਕਰਦਿਆਂ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ ਜਿੱਥੇ ਕਿ ਨੌਜਵਾਨਾਂ ਨੂੰ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਇਸ ਸੈਂਟਰ ਦਾ ਉਦਘਾਟਨ ਕੀਤਾ। ਇਸ ਤਰ੍ਹਾਂ ਮੋਗਾ ਪੰਜਾਬ ਦਾ ਪਹਿਲਾ ਉਹ ਜ਼ਿਲ੍ਹਾ ਬਣ ਗਿਆ ਹੈ, ਜਿਸਨੇ ਨੇ ਆਪਣੇ ਬਲਬੂਤੇ ਉੱਤੇ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ। ਪਹਿਲਾਂ ਨੌਜਵਾਨਾਂ ਨੂੰ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਦਿੱਲੀ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਪਰ ਹੁਣ ਇਹ ਸੈਂਟਰ ਖੁੱਲਣ ਨਾਲ ਕਿਤੇ ਵੀ ਦੂਰ ਜਾਣ ਦੀ ਲੋੜ੍ਹ ਨਹੀਂ ਹੈ।
ਦੱਸਣਯੋਗ ਹੈ ਕਿ ਇਸ ਸੈਂਟਰ ਵਿੱਚ ਦਾਖਲਾ ਲੈਣ ਲਈ ਜ਼ਿਲ੍ਹਾ ਮੋਗਾ ਦੇ 100 ਤੋਂ ਵਧੇਰੇ ਨੌਜਵਾਨ ਮੁੰਡੇ ਕੁੜੀਆਂ ਨੇ ਇੰਨਰੋਲਮੇਂਟ ਕਰਵਾਈ ਹੈ। ਇਕ ਹਫਤਾ ਇਹਨਾਂ ਮੁੰਡੇ ਕੁੜੀਆਂ ਦੀ ਓਰੀਏਂਟੇਸ਼ਨ ਕੀਤੀ ਜਾਵੇਗੀ। ਜਿਸ ਵਿਚੋਂ 50 ਮੁੰਡੇ ਕੁੜੀਆਂ ਦੀ ਮੈਰਿਟ ਉੱਤੇ ਚੋਣ ਕੀਤੀ ਜਾਵੇਗੀ, ਜਿੰਨਾ ਨੂੰ ਅਗਲੇਰੀ ਕੋਚਿੰਗ ਦਿੱਤੀ ਜਾਣੀ ਹੈ। ਇਹ ਟ੍ਰੇਨਿੰਗ ਇਕ ਸਾਲ ਦੀ ਹੋਵੇਗੀ। ਹਫਤੇ ਦੇ ਪੰਜ ਦਿਨ ਰੋਜ਼ਾਨਾ 3 ਤੋਂ 4 ਘੰਟੇ ਦੀ ਕਲਾਸ ਲੱਗੇਗੀ। ਕੋਚਿੰਗ ਦੌਰਾਨ ਪ੍ਰੀ ਅਤੇ ਮੇਨਜ਼ ਦੀ ਤਿਆਰੀ ਕਰਵਾਈ ਜਾਵੇਗੀ। ਜਿਹੜੇ ਬੱਚੇ ਇਹ ਦੋਵੇਂ ਪੜਾਅ ਪਾਰ ਕਰ ਲੈਣਗੇ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਦੀ ਤਿਆਰੀ ਵੀ ਮੁਫ਼ਤ ਕਰਵਾਈ ਜਾਵੇਗੀ। ਟ੍ਰੇਨਿੰਗ ਦੇਣ ਲਈ 3 ਟ੍ਰੇਨਰ ਰੱਖੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਕੋਚਿੰਗ ਲਈ 20 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਸ ਸੈਂਟਰ ਨੂੰ ਖੋਲ੍ਹਣ ਲਈ ਪਿਛਲੇ ਦੋ ਸਾਲਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ। ਉਹਨਾਂ ਦੱਸਿਆ ਕਿ ਜਦੋਂ ਤੱਕ ਕੋਚਿੰਗ ਸਟਾਫ਼ ਦੀ ਭਰਤੀ ਨਹੀਂ ਹੋ ਜਾਂਦੀ ਉਦੋਂ ਤੱਕ ਜ਼ਿਲ੍ਹਾ ਮੋਗਾ ਵਿੱਚ ਸੇਵਾਵਾਂ ਦੇ ਰਹੇ ਸਰਕਾਰੀ ਅਧਿਕਾਰੀ ਇਹਨਾਂ ਦੀਆਂ ਕਲਾਸਾਂ ਲਿਆ ਕਰਨਗੇ। ਉਹਨਾਂ ਕਿਹਾ ਕਿ ਕੋਚਿੰਗ ਲੈਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਬਹੁਤ ਵਧੀਆ ਮਾਹੌਲ ਸਿਰਜ ਕੇ ਦਿੱਤਾ ਜਾਵੇਗਾ। ਸੈਂਟਰ ਵਿਚ ਲਾਇਬ੍ਰੇਰੀ, ਹਰ ਤਰ੍ਹਾਂ ਦੀ ਪੜ੍ਹਨ ਸਮੱਗਰੀ, ਤਿਆਰੀ ਲਈ ਮਟੀਰੀਅਲ ਅਤੇ ਹਰ ਤਰ੍ਹਾਂ ਦੀ ਮਾਨਸਿਕ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਉਪਰਾਲੇ ਨਾਲ ਇਸ ਖਿੱਤੇ ਵਿੱਚੋਂ ਦਿਨੋਂ ਦਿਨ ਵਧ ਰਹੀ ਪ੍ਰਵਾਸ ਦੀ ਹੋੜ ਉੱਤੇ ਵੀ ਰੋਕ ਲੱਗੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਮੋਗਾ ਵਿੱਚ ਨੌਜਵਾਨਾਂ ਨੂੰ ਮੁਫ਼ਤ ਸਟੈਨੋਗਰਾਫ਼ੀ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਕੋਰਸ ਪਹਿਲੀ ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਜੋ ਕਿ ਮਈ 2024 ਵਿੱਚ ਮੁਕੰਮਲ ਹੋਵੇਗਾ। ਕੋਰਸ ਮੁਕੰਮਲ ਹੋਣ ਉੱਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਿਖਿਆਰਥੀਆਂ ਦਾ ਟੈਸਟ ਲਿਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਸੂਬੇ ਵਿੱਚ 9 ਕੋਚਿੰਗ ਸੈਂਟਰ ਖੋਲ੍ਹੇ ਜਾਣਗੇ, ਜਿੱਥੇ ਕਿ ਸੂਬੇ ਦੇ ਨੌਜਵਾਨਾਂ ਨੂੰ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਮੁਫ਼ਤ ਸਿਖ਼ਲਾਈ ਦਿੱਤੀ ਜਾਵੇਗੀ। ਇਹਨਾਂ ਵਿਚੋਂ ਇਕ ਸੈਂਟਰ ਮੋਗਾ ਵਿਖੇ ਵੀ ਖੁੱਲ੍ਹਣਾ ਹੈ। ਇਸ ਮੌਕੇ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਐੱਸ ਡੀ ਐੱਮ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਡਿੰਪਲ ਅਤੇ ਹੋਰਾਂ ਨੇ ਨੌਜਵਾਨਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹਾਜ਼ਰ ਨੌਜਵਾਨ ਮੁੰਡੇ ਕੁੜੀਆਂ ਨੇ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ।

[wpadcenter_ad id='4448' align='none']