ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੁੰਡਾਗਰਦੀ, FIR ਦਰਜ…
Gangster Jaggu Bhagwanpuria
Gangster Jaggu Bhagwanpuria
ਕਪੂਰਥਲਾ : ਕਪੂਰਥਲਾ ਦੀ ਹਾਈ ਸਕਿਓਰਿਟੀ ਮਾਡਰਨ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵੱਡਾ ਕਾਂਡ ਸਾਹਮਣੇ ਆਇਆ ਹੈ। ਜੱਗੂ ਨੇ ਹਾਈ ਸਕਿਓਰਿਟੀ ਜੇਲ੍ਹ ਦੀ ਨਜ਼ਰਸਾਨੀ ਲਈ ਲਗਾਈ ਗਈ ਐੱਲ. ਸੀ. ਡੀ. ਤੋੜ ਦਿੱਤੀ ਹੈ। ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਉਸ ਨੇ ਗੁੱਸੇ ਵਿਚ ਆ ਕੇ ਐੱਲ. ਸੀ. ਡੀ. ਤੋੜੀ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਗੈਂਗਸਟਰ ਖ਼ਿਲਾਫ਼ ਥਾਣਾ ਕੋਤਵਾਲੀ ਦੀ ਪੁਲਸ ਨੇ 427 ਆਈ. ਪੀ. ਸੀ. ਅਤੇ 42ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ (ਸਕਿਓਰਿਟੀ) ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਹਾਈ ਸਕਿਓਰਿਟੀ ਬੈਰਕਾਂ ਵਿਚ ਐੱਲ. ਸੀ. ਡੀ. ਲਗਾਈ ਗਈ ਸੀ। ਜਿਸ ਨੂੰ ਜੇਲ੍ਹ ਵਿਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਉਕਤ ਚੱਕੀ ਵਿਚ ਬੰਦ ਕਿਸੇ ਬੰਦੀ ਨਾਲ ਬਹਿਸ ਹੋ ਗਈ। ਇਸ ਦੌਰਾਨ ਜੱਗੂ ਨੇ ਗੁੱਸੇ ਵਿਚ ਆ ਕੇ ਕੰਧ ’ਤੇ ਲੱਗੀ ਐੱਲ. ਸੀ. ਡੀ. ਉਤਾਰ ਕੇ ਜ਼ਮੀਨ ’ਤੇ ਸੁੱਟ ਦਿੱਤੀ ਅਤੇ ਪੈਰ ਮਾਰ ਕੇ ਤੋੜ ਦਿੱਤੀ।
ਇਸ ਤਰ੍ਹਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਦੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪੁੰਚਾਇਆ ਹੈ। ਜਿਸ ਨਾਲ ਬਿਜਲੀ ਦੇ ਉਪਕਰਣਾਂ ਨਾਲ ਛੇੜਛਾੜ ਕਰਕੇ ਜੇਲ੍ਹ ਦੇ ਕੈਦੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ ਹੈ। ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰੀਡੈਂਟ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Gangster Jaggu Bhagwanpuria