ਲੁਧਿਆਣਾ, 07 ਦਸੰਬਰ (000) – ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾ ਰਹੀ ਹੈ, ਉੱਥੇ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਹੀ ਲੜੀ ਤਹਿਤ ਅੱਜ ਹਲਕਾ ਪੂਰਬੀ ਵਿਖੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਾਰਡ ਨੰਬਰ ਦੋ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਾਂਬੜਾ ਨੂੰ ਕਰੀਬ 9 ਲੱਖ ਰੁਪਏ ਦੀ ਜਾਰੀ ਕੀਤੀ ਗਈ ਗਰਾਂਟ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਾਂਬੜਾ ਵਿਖੇ ਰਿਪੇਅਰ ਤੋਂ ਇਲਾਵਾ ਨਵੇਂ ਕਮਰੇ, ਫਰਨੀਚਰ ਅਤੇ ਹੋਰ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਹਨਾਂ ਕੰਮਾਂ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਦੇ ਮੁਕੰਮਲ ਹੋਣ ਨਾਲ ਸਕੂਲ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਮਿਆਰੀ ਸਿੱਖਿਆ, ਬਿਹਤਰ ਬੁਨਿਆਦੀ ਢਾਂਚਾ ਅਤੇ ਉੱਤਮ ਸਿਹਤ ਸਹੂਲਤਾ ਮੁਹੱਈਆ ਕਰਵਾਉਣਾ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਸਮਾਜ ਅੰਦਰ ਜੇ ਹਰ ਕੋਈ ਪੜ੍ਹਿਆ ਲਿਖਿਆ ਹੋਵੇਗਾ ਤਾਂ ਹੀ ਅਸੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਤਾਜਪੁਰ ਰੋਡ, ਕੈਲਾਸ਼ ਨਗਰ ਤੋਂ ਇਲਾਵਾ ਹਲਕੇ ਦੇ ਹੋਰ ਵਾਰਡਾਂ ਅੰਦਰ ਸਕੂਲਾਂ ਵਿੱਚ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਜਲਦ ਹੀ ਹਲਕੇ ਨੂੰ ਕਈ ਨਵੇਂ ਹੋਰ ਸਕੂਲ ਸਪੁਰਦ ਕੀਤੇ ਜਾਣਗੇ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇ ਹਲਕੇ ਅੰਦਰ ਚੰਗੇ ਸਕੂਲ ਖੁੱਲਣਗੇ ਤਾਂ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਹੀਂ ਰਹਿ ਸਕੇਗਾ ।
ਇਸ ਮੌਕੇ ਹਾਜ਼ਰ ਸਕੂਲ ਸਟਾਫ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਗਰੇਵਾਲ ਦੀ ਇਮਾਨਦਾਰੀ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਹਨਾਂ ਕਿਹਾ ਕਿ ਵਿਧਾਇਕ ਗਰੇਵਾਲ ਵੱਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਜਸਵਿੰਦਰ ਸਿੰਘ ਸੰਧੂ, ਸੁਰਿੰਦਰ ਸਿੰਘ ਮਦਾਨ, ਗੁਰਦੀਪ ਲੱਕੀ, ਸੁੱਚਾ ਸਿੰਘ ਫਾਂਬੜਾ, ਵਿਧਾਇਕ ਪੀ.ਏ. ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।