ਅੰਮ੍ਰਿਤਸਰ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਭੁੱਲਰ ਅੰਮ੍ਰਿਤਸਰ ਵਿੱਚ 17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ ਜਿਸ ਨੇ ਆਪਣੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭੂਮਿਕਾ ਅਹਿਮ ਹੈ। ਪੰਜਾਬ ਵਿੱਚ ਸਨਅਤਕਾਰਾਂ ਨੂੰ ਸਸਤੀ ਬਿਜਲੀ ਦੇਣ ਤੋਂ ਇਲਾਵਾ ਉਨ੍ਹਾਂ ਦੀ ਮੰਗ ਅਨੁਸਾਰ ਸਨਅਤੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ।
ਭੁੱਲਰ ਨੇ ਪੀ.ਐੱਚ.ਡੀ. ਚੈਂਬਰ ਨੂੰ ਪਾਈਟੈਕਸ ਦੇ ਆਯੋਜਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮੇਲਾ ਹੁਣ ਸਰਹੱਦੀ ਜ਼ਿਲਿਆਂ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਮਾਣ ਬਣ ਗਿਆ ਹੈ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਹੀ। ਪੰਜਾਬ ਸੈਰ ਸਪਾਟੇ ਦੇ ਖੇਤਰ ਵਿੱਚ ਮਜ਼ਬੂਤ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਇਟੈਕਸ ਵਰਗੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਜਲਦੀ ਹੀ ਜ਼ਮੀਨ ਦਾ ਪ੍ਰਬੰਧ ਕਰੇਗੀ।
ਆਰ.ਐਸ. ਸਚਦੇਵਾ ਚੇਅਰਮੈਨ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਨੇ ਭੁੱਲਰ ਦੀ ਆਮਦ ‘ਤੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ‘ਚ ਲੱਖਾਂ ਦੀ ਗਿਣਤੀ ‘ਚ ਲੋਕਾਂ ਦੀ ਹਾਜ਼ਰੀ ਇਸ ਗੱਲ ਦੀ ਗਵਾਹ ਹੈ ਕਿ ਹੁਣ ਪੰਜਾਬ ਤੇਜ਼ੀ ਨਾਲ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ।
ਇਸ ਮੌਕੇ ਡਾਇਰੈਕਟਰ ਐਮ ਐਸ ਈ ਵਰਿੰਦਰ ਸ਼ਰਮਾ, ਇੰਦਰਜੀਤ ਸਿੰਘ ਟਾਂਡੀ ਜੀ ਐਮ ਡੀ ਆਈ ਸੀ, ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਡਾਇਰੈਕਟਰ ਭਾਰਤੀ ਸੂਦ, ਸਥਾਨਕ ਕਨਵੀਨਰ ਜੈਦੀਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।