ਚੰਡੀਗੜ੍ਹ, 23 ਦਸੰਬਰ:
ਪਾਕਿਸਤਾਨ- ਆਈ.ਐਸ.ਆਈ. ਦੀ ਸਪਾਂਸਰਡ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਅੱਤਵਾਦੀ ਗਿਰੋਹ ਦੇ ਖ਼ਿਲਾਫ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ (ਯੂਪੀ) ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਗੁਰਦਾਸਪੁਰ ਵਿੱਚ ਪੁਲਿਸ ਥਾਣੇ ’ਤੇ ਗ੍ਰਨੇਡ ਹਮਲੇ ਕਰਨ ਵਿੱਚ ਸ਼ਾਮਲ ਇਸ ਗਿਰੋਹ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾ (ਇਨਕਾਊਂਟਰ) ਕੀਤਾ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ।
ਇਹ ਮੁਕਾਬਲਾ (ਇਨਕਾਊਂਟਰ) ਯੂਪੀ ਦੇ ਪੀਲੀਭੀਤ ਦੇ ਥਾਣਾ ਪੂਰਨਪੁਰ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਅਤੇ ਪੀਲੀਭੀਤ ਦੀਆਂ ਪੁਲਿਸ ਟੀਮਾਂ ਵੱਲੋਂ ਸਾਂਝੇ ਰੂਪ ਵਿੱਚ ਉਦੋਂ ਅਮਲ ਵਿੱਚ ਲਿਆਂਦਾ ਗਿਆ ਜਦੋਂ ਤਿੰਨ ਮਾਡਿਊਲ ਮੈਂਬਰਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਸੀ।
ਇਹ ਘਟਨਾ 18 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਾਨੌਰ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਬਖਸ਼ੀਵਾਲਾ ਪੁਲਿਸ ਚੌਕੀ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹੈਂਡ ਗ੍ਰੇਨੇਡ ਸੁੱਟੇ ਜਾਣ ਤੋਂ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਅਮਲ ਵਿੱਚ ਆਈ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਕੇ.ਜ਼ੈੱਡ.ਐੱਫ. ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਇਸ ਦਹਿਸ਼ਤੀ ਕਾਰਵਾਈ ਦੀ ਜ਼ਿੰਮੇਵਾਰੀ ਲਈ ਸੀ।
ਡੀਜੀਪੀ ਗੌਰਵ ਯਾਦਵ ਨੇ ਤਿੰਨ ਕਾਰਕੁੰਨਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਰਵੀ ਵਾਸੀ ਅਗਵਾਨ, ਕਲਾਨੌਰ; ਗੁਰਵਿੰਦਰ ਸਿੰਘ ਵਾਸੀ ਮੁਹੱਲਾ ਭੈਣੀ ਬਾਣੀਆ , ਕਲਾਨੌਰ; ਅਤੇ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਾਸੀ ਸ਼ੂਰ ਖੁਰਦ , ਕਲਾਨੌਰ ਵਜੋਂ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂ.ਪੀ. ਵਿੱਚ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਏਕੇ-47 ਰਾਈਫਲਾਂ ਅਤੇ ਦੋ 9 ਐਮ.ਐਮ. ਗਲੋਕ ਪਿਸਤੌਲ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦਹਿਸ਼ਤੀ ਮਾਡਿਊਲ ਨੂੰ ਕੇ.ਜ਼ੈਡ.ਐਫ. ਦੇ ਮੁਖੀ ਰਣਜੀਤ ਸਿੰਘ ਨੀਟਾ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਗ੍ਰੀਸ -ਅਧਾਰਤ ਜਸਵਿੰਦਰ ਸਿੰਘ ਮੰਨ ੂ(ਮੂਲ ਨਿਵਾਸੀ ਪਿੰਡ ਅਗਵਾਨ ਪਿੰਡ ਕਲਾਨੌਰ) ਵੱਲੋਂ ਚਲਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਮੋਡਿਊਲ ਦੀ ਅਗਵਾਈ ਕਰ ਰਿਹਾ ਮੁਲਜ਼ਮ ਵਰਿੰਦਰ ਉਰਫ ਰਵੀ ਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਬ੍ਰਿਟੇਨ ਸਥਿਤ ਜਗਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ, ਜੋ ਬ੍ਰਿਟਿਸ਼ ਆਰਮੀ ਵਿੱਚ ਕੰਮ ਕਰਦਾ ਦੱਸਿਆ ਜਾਂਦਾ ਹੈ ਅਤੇ ਆਪਣੀ ਪਛਾਣ ਫਤਿਹ ਸਿੰਘ ਬਾਗੀ ਵਜੋਂ ਦਰਸਾਉਂਦਾ ਸੀ। ਇਸੇ ਨਾਮ ਹੇਠ ਉਸ ਨੇ ਸੋਸ਼ਲਮੀਡੀਆ ਤੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।
ਇਹ ਆਪਰੇਸ਼ਨ, ਜਿਸ ਵਿੱਚ ਯੂਪੀ ਅਤੇ ਪੰਜਾਬ ਦੀਆਂ ਪੁਲਿਸ ਬਲਾਂ ਨੇ ਮਿਲ ਕੇ ਕੰਮ ਕੀਤਾ, ਨੂੰ ਅੰਤਰ-ਰਾਜੀ ਸਹਿਯੋਗ ਦੀ ਸ਼ਾਨਦਾਰ ਉਦਾਹਰਣ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਜੋ ਇਤਲਾਹ ਮਿਲੀ ਸੀ ਉਸਨੂੰ ਤੁਰੰਤ ਯੂ.ਪੀ. ਪੁਲਿਸ ਨਾਲ ਸਾਂਝਾ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਸਾਂਝਾ ਆਪ੍ਰੇਸ਼ਨ ਅਮਲ ਵਿੱਚ ਲਿਆਂਦਾ ਗਿਆ।
ਇਸ ਕਾਰਵਾਈ ਸਬੰਧੀ ਹੋਰਹ ਵੇਰਵਿਆਂ ਨੂੰ ਸਾਂਝੇ ਕਰਦੇ ਹੋਏ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਬਾਰਡਰ ਰੇਂਜ ਸਤਿੰਦਰ ਸਿੰਘ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਦੇ ਯੂਪੀ ਭੱਜਣ ਅਤੇ ਪੀਲੀਭੀਤ ਵਿਖੇ ਕਿਤੇ ਪਨਾਹ ਲੈਣ ਬਾਰੇ ਭਰੋਸੇਯੋਗ ਇਤਲਾਹ ਮਿਲਣ ਤੋਂ ਬਾਅਦ, ਗੁਰਦਾਸਪੁਰ ਪੁਲਿਸ ਨੇ ਤੁਰੰਤ ਪੀਲੀਭੀਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਟੀਮਾਂ ਨੂੰ ਗੁਰਦਾਸਪੁਰ ਤੋਂ ਇੱਕ ਸੰਯੁਕਤ ਕਾਰਵਾਈ ਵਿੱਢਣ ਲਈ ਪੀਲੀਭੀਤ ਭੇਜ ਦਿੱਤਾ ਗਿਆ।.
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਆਹਮੋ-ਸਾਹਮਣੇ ਹੁੰਦਿਆਂ ਹੀ ਦੋਸ਼ੀਆਂ ਨੇ ਪੁਲਿਸ ਟੀਮਾਂ ’ਤੇ ਗੋਲੀਆਂ ਚਲਾ ਦਿੱਤੀਆਂ ਤਾਂ ਮਜਬੂਰਨ ਪੁਲਿਸ ਪਾਰਟੀਆਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ। ਗੋਲੀਬਾਰੀ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸੀ.ਐਚ.ਸੀ. ਪੂਰਨਪੁਰ ਲਿਜਾਇਆ ਗਿਆ।
ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰੀਸ਼ ਦਿਆਮਾ ਨੇ ਕਿਹਾ ਕਿ ਇਸ ਦਹਿਸ਼ਤੀ ਮਾਡਿਊਲ ਦੇ ਸਾਰੇ ਸਬੰਧਾਂ ਅਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ ਹੈ।
ਇਸ ਸਬੰਧੀ ਐਫਆਈਆਰ ਨੰ. 124 ਮਿਤੀ 19/12/2024 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 109 ਅਤੇ 324 (4) ਅਤੇ ਵਿਸਫੋਟਕ ਐਕਟ ਦੀ ਧਾਰਾ 4 (5) ਤਹਿਤ ਥਾਣਾ ਕਲਾਨੌਰ ਵਿਖੇ ਦਰਜ ਕੀਤਾ ਗਿਆ ਸੀ। ਜਦੋਂ ਕਿ ਹੁਣ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 13, 16, 17, 18-ਬੀ, 20, 35 ਅਤੇ 40 ਸ਼ਾਮਲ ਕੀਤੀਆਂ ਗਈਆਂ ਹਨ।