ਫ਼ਿਰੋਜ਼ਪੁਰ 16 ਅਗਸਤ ( )
ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਜਨ ਦੇ ਮੱਦੇਨਜ਼ਰ ਰਾਜ ਦੇ ਵਸਨੀਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੇ ਗੰਭੀਰ ਰੋਗਾਂ ਅਤੇ ਡੇਂਗੂ ਤੋ ਬਚਾਉਣ ਲਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਹੀਰਾ ਨਗਰ ਸਲਮ ਏਰੀਆ ਵਿੱਖੇ ਲੋਕਾਂ ਨੂੰ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇ ਹੈਜ਼ਾ, ਦਸਤ ਰੋਗ, ਹੈਪਿਟਾਈਟਸ ਏ ਤੇ ਈ ਆਦਿ ਅਤੇ ਡੇਂਗੂ ਤੇ ਮਲੇਰੀਆ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਨਾਲ ਗੱਲ ਬਾਤ ਕਰਦਿਆਂ ਡਾ ਯੁਵਰਾਜ ਐਪੀਡਮੋਲੋਜਿਸਟ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਨੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋ ਬਚਾਅ ਲਈ ਜਾਗਰੂਕ ਹੋਣ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨੀ ਯਕੀਨੀ ਬਣਾਏ ਜਾਨ ਲਈ ਪ੍ਰੇਰਿਤ ਕੀਤਾ। ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਪੀਣ ਦਾ ਪਾਣੀ ਸਾਫ਼ ਭਾਂਡੇ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਖੁੱਲ੍ਹੇ ਮੈਦਾਨ ਵਿੱਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਅਤੇ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਵੋ। ਗਲੇ-ਸੜੇ, ਜਿਆਦਾ ਕੱਚੇ ਜਾਂ ਜਿਆਦਾ ਪੱਕੇ ਫਲ ਅਤੇ ਸਬਜੀਆਂ ਦੀ ਵਰਤੋਂ ਅਜਿਹੇ ਮੌਸਮ ਵਿਚ ਨਹੀਂ ਕਰਨੀ ਚਾਹੀਦੀ।
ਇਸ ਮੌਕੇ ਗੁਰਲਾਲ ਸਿੰਘ ਏ.ਐਮ.ਓ, ਰਵਿੰਦਰ ਕੁਮਾਰ (ਮ.ਪ.ਹ.ਵ. ਮੇਲ) ਨੇ ਦੱਸਿਆ ਕਿ ਪਾਣੀ ਨੂੰ ਪੀਣਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾ ਜਾਂ ਮਿਉਂਸੀਪਲ ਕਮੇਟੀ ਦੇ ਦਫ਼ਤਰ ਤੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾ ਤੁਰੰਤ ਸਰਕਾਰੀ ਹਸਪਤਾਲ ਵਿਚ ਪਹੁੰਚ ਕਰਕੇ ਮੁਫ਼ਤ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਡਾ. ਯੁਵਰਾਜ ਨੇ ਦੱਸਿਆ ਕੀ ਟੀਮਾਂ ਦਾ ਗਠਨ ਕਰਕੇ ਸਕੂਲਾਂ, ਰਿਹਾਸ਼ੀ ਇਲਾਕਿਆਂ, ਜਨਤਕ ਥਾਵਾਂ ’ਤੇ ਲਗੇ ਪੀਣ ਵਾਲੇ ਪਾਣੀ ਦੇ ਸੌਮਿਆਂ ਚੋਂ ਸੈਂਪਲ ਲੈ ਕਿ ਲੈਬੋਰਟਰੀ ’ਚ ਟੈਸਟ ਲਈ ਭੇਜੇ ਜਾਣ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਸਾਫ ਪਾਣੀ ਮਿਲੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਲੋਕਾਂ ਨੂੰ ਡੇਂਗੂ ਤੋ ਬਚਾਓ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ ਗਏ ਅਤੇ ਲੋਕਾਂ ਦੇ ਘਰਾਂ ਦੇ ਆਲੇ ਦੁਆਲੇ ਸਪਰੇਅ ਕਰਵਾਈ ਗਈ।