ਸਿਹਤ ਵਿਭਾਗ ਵੱਲੋਂ ਸਬ ਸੈਂਟਰ ਕਰਨੀ ਖੇੜਾ ਵਿਖੇ ਡੇਂਗੂ ਦੇ ਲੱਛਣਾ ਅਤੇ ਬਚਾਅ ਸਬੰਧੀ ਲਗਾਇਆ ਕੈਂਪ

ਫਾਜ਼ਿਲਕਾ, 15 ਜੁਲਾਈ

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਅਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀ.ਐਚ.ਸੀ. ਡਬਵਾਲਾ ਕਲਾਂ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਕਰਨੀ ਖੇੜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਸਿਹਤ ਕਰਮਚਾਰੀ ਸਤਵਿੰਦਰ ਸਿੰਘ ਮ.ਪ.ਹ.ਵ. (ਮੇਲ) ਨੇ ਇਕੱਠ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਹ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ। ਇਹ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ।

ਡੇਂਗੂ ਬੁਖਾਰ ਦੇ ਲਛੱਣ ਤੇਜ ਬੁਖਾਰ, ਸਿਰ ਦਰਦ, ਘਬਰਾਹਟ ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ, ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ। ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰ ਜਾਲੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਰਦ ਰੋਕਣ ਲਈ ਬਰੂਫੇਨ, ਡਿਸਪ੍ਰੀਨ ਅਤੇ ਐਸਪਰਿਨ ਦੀ ਗੋਲੀ ਨਹੀਂ ਲੈਣੀ ਚਾਹੀਦੀ।

ਇਸ ਮੌਕੇ  ਡਾ. ਸੁਰਬੀ ਗਰਗ, ਫਾਰਮਾਸਿਸਟ ਪਵਨ ਕੁਮਾਰ, ਸਹਾਇਕ ਏਕਤਾ ਰਾਣੀ, ਸਿਮਰਨਜੀਤ ਕੌਰ ਏਐਨਐਮ ਅਤੇ ਪਿੰਡ ਵਾਸੀ ਹਾਜ਼ਰ ਸਨ।

[wpadcenter_ad id='4448' align='none']