ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਸਹਾਇਕਧੰਦੇ ਅਪਣਾਉਣ-ਡਾ. ਜੀ.ਪੀ.ਐੱਸ ਸੋਢੀ

ਮਾਨਸਾ, 28 ਫਰਵਰੀ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ 17ਵੀਂ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਡਾ. ਜੀ.ਪੀ.ਐੱਸ ਸੋਢੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿੱਥੇ ਡਾ. ਐੱਚ.ਐੱਸ ਰਤਨਪਾਲ ਮੁੱਖੀ ਫਲ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ: ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਡਾ. ਗੁਰਦੀਪ ਸਿੰਘ ਸਿੱਧੂ ਵੱਲੋਂ ਸਾਲ 2023 ਦੌਰਾਨ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸ, ਖੇਤ ਪ੍ਰਦਰਸ਼ਨੀਆਂ, ਖੇਤ ਤਜ਼ਰਬੇ, ਗਿਆਨ ਵਧਾਊ ਯਾਤਰਾ, ਖੇਤ ਦਿਵਸ, ਫਸਲ ਸਰਵੇਖਣ, ਕਿਸਾਨ ਸਿਖਲਾਈ ਕੈਂਪ, ਮੁਹਿੰਮ, ਮੋਬਾਇਲ ਖੇਤੀ ਸੁਨੇਹੇ ਆਦਿ ਪਸਾਰ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ।
ਉਨ੍ਹਾਂ ਫ਼ਸਲੀ ਰਹਿੰਦ—ਖੂੰਹਦ ਦੀ ਸੰਭਾਲ ਸਬੰਧੀ ਪ੍ਰੋਜੈਕਟ, ਸੁਧਰੇ ਬੀਜਾਂ, ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ ਅਤੇ ਹੋਰਨਾਂ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ। ਮੈਡਮ ਰਜਿੰਦਰ ਕੌਰ ਸਿੱਧੂ ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ  ਆਉਣ ਵਾਲੇ ਸਾਲ ਦੀ ਕਾਰਜਨੀਤੀ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਸਹਾਇਕ ਵਿਭਾਗਾਂ ਦੇ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਲਾਈ ਕੋਰਸਾਂ ਦੇ ਪਲਾਨ ਸਬੰਧੀ ਸੁਝਾਅ ਵੀ ਦਿੱਤੇ।  ਡਾ. ਜੀ.ਪੀ.ਐੱਸ ਸੋਢੀ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਫ਼ਸਲੀ ਰਹਿੰਦ—ਖੰਹੂਦ ਦੀ ਸੰਭਾਲ, ਪਾਣੀ ਦੀ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਹਾਇਕ ਕਿੱਤੇ ਅਪਨਾਉਣ ਲਈ ਪ੍ਰੇਰਿਆ ਅਤੇ ਖੇਤੀ ਖਰਚੇ ਘਟਾਉਣ ਲਈ ਆਪਣਾ ਬੀਜ਼ ਆਪ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕੁਦਰਤੀ ਸੋਮੇਂ—ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ।
ਡਾ: ਐੱਚ.ਐੱਸ ਰਤਨਪਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ—ਵੱਖ ਖੇਤਰੀ ਖੋਜ ਸਟੇਸ਼ਨਾਂ ’ਤੇ ਵੱਖ—ਵੱਖ ਫਲਾਂ ਦੀ ਨਰਸਰੀ ਪੌਦਿਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਿਆਰੀ ਬੂਟੇ ਲਗਾਉਣ ਦੀ ਸਮੱਗਰੀ ਦੀ ਮਹੱਤਤਾ ਨੂੰ ਹੋਰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਅੰਗੂਰਾਂ ਅਤੇ ਡਰੈਗਨ ਫਰੂਟ ਦੇ ਫਲਦਾਰ ਬੂਟੇ ਸਪਲਾਈ ਕਰਨੇ ਚਾਹੀਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ, ਡਾ. ਦਿਲਬਾਗ ਸਿੰਘ ਵੱਲੋਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਹੋਣ ਵਾਲੇ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲਈ ਕਿਹਾ। ਡਾ. ਜੀ.ਪੀ.ਐੱਸ. ਸੋਢੀ ਅਤੇ ਵੱਖ—ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਕ੍ਰਿਸ਼ੀ ਵਿਗਿਆਨ ਕੇਦਰ ਫਾਰਮ ਵਿਖੇ ਕਣਕ, ਸਰੋਂ ਅਤੇ ਪਿਆਜ਼ ਦਾ ਬੀਜ਼ ਉਤਪਾਦਨ, ਖੋਜ ਤਜ਼ਰਬਿਆਂ, ਹਰਬਲ ਗਾਰਡਨ, ਵਰਮੀ ਕੰਮਪੋਸਟ ਇਕਾਈ, ਘਰੇਲੂ ਛੱਤ ਬਗੀਚੀ ਦਾ ਮੁਆਇੰਨਾ ਕੀਤਾ। ਇਸ ਮੌਕੇ ਵੱਖ—ਵੱਖ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਹਾਜਰ ਸਨ।

[wpadcenter_ad id='4448' align='none']