ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ‘ਟੂਰਿਜ਼ਮ ਇਨ ਮਿਸ਼ਨ ਮੋਡ’ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀ ਘੜਨ ਵਾਸਤੇ ਨਵੀਂ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ‘ਚ ਕੀਤੀ ਸ਼ਮੂਲੀਅਤ

ਇਸ ਸਮਾਗਮ ਵਿੱਚ ਕਈ ਸੂਬਿਆਂ ਦੇ ਮੰਤਰੀਆਂ, ਉਦਯੋਗਿਕ ਸੰਘਾਂ ਦੇ ਨੁਮਾਇੰਦਿਆਂ ਅਤੇ ਸੈਰ ਸਪਾਟਾ ਉਦਯੋਗ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ‘ਟੂਰਿਜ਼ਮ ਇਨ ਮਿਸ਼ਨ ਮੋਡ’ ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀ ਘੜਨ ਵਾਸਤੇ ਨਵੀਂ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ਵਿਚ ਸ਼ਮੂਲੀਅਤ ਕੀਤੀ ਜਿੱਥੇ ਹੋਰਨਾਂ ਸੂਬਿਆਂ ਦੇ ਮੰਤਰੀਆਂ, ਯੂ.ਟੀਜ਼., ਉਦਯੋਗਿਕ ਸੰਘਾਂ ਅਤੇ ਸੈਰ ਸਪਾਟਾ ਉਦਯੋਗਾਂ ਦੇ ਵੱਖ-ਵੱਖ ਆਗੂਆਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਸ਼ਵ ਪੱਧਰ ‘ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।

Also Read : 1 ਅਪ੍ਰੈਲ 2023 ਤੋਂ ਸੋਨੇ ਦੀ ਵਿਕਰੀ ਨਹੀਂ ਹੋਵੇਗੀ, ਜਾਣੋ ਕਾਰਨ

‘ਟੂਰਿਜ਼ਮ ਇਨ ਮਿਸ਼ਨ ਮੋਡ’ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਵਟਾਂਦਰੇ ਕਰਨ ਅਤੇ ਰਣਨੀਤੀਆਂ ਘੜਨ ਵਾਸਤੇ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿਖੇ 28 ਮਾਰਚ ਅਤੇ 29 ਮਾਰਚ ਨੂੰ ਦੋ ਰੋਜ਼ਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ ਹੈ।

ਸੈਸ਼ਨ ਦੌਰਾਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਦੇ ਵਿਕਾਸ ਲਈ ਉਪਲਬਧ ਅਥਾਹ ਮੌਕਿਆਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਡਿਜੀਟਾਈਜ਼ੇਸ਼ਨ, ਰਿਮੋਟ ਟੂਰਿਜ਼ਮ, ਬਾਰਡਰ ਟੂਰਿਜ਼ਮ ‘ਤੇ ਧਿਆਨ ਕੇਂਦਰਿਤ ਕਰਨ ਅਤੇ ਸੂਬਿਆਂ ਵਿੱਚ ਇੱਕ ਥੀਮ ਆਧਾਰਿਤ ਰੇਲਗੱਡੀ ਚਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਸੂਬੇ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।

ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਸਹਿਯੋਗੀ ਪਹੁੰਚ ਵਿਕਸਿਤ ਕਰਨਾ ਹੈ। ਵਿਚਾਰ-ਵਟਾਂਦਰੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੈਰ-ਸਪਾਟਾ ਮਾਰਕੀਟਿੰਗ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਡਿਜੀਟਲ ਤਕਨੀਕਾਂ ਦੀ ਵਰਤੋਂ ਵਰਗੇ ਵਿਸ਼ੇ ਸ਼ਾਮਲ ਹਨ।

ਉਦਘਾਟਨੀ ਸੈਸ਼ਨ ਵਿੱਚ, ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਅਰਵਿੰਦ ਸਿੰਘ ਨੇ ਸ਼ਮੂਲੀਅਤ ਕਰਨ ਵਾਲਿਆਂ ਦਾ ਸਵਾਗਤ ਕੀਤਾ ਅਤੇ ਸੈਰ-ਸਪਾਟਾ ਮੰਤਰਾਲੇ ਦੀਆਂ ਮੁੱਖ ਤਰਜੀਹਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਾਰੇ ਭਾਗੀਦਾਰਾਂ ਨੂੰ ਵੱਖ-ਵੱਖ ਸੈਸ਼ਨਾਂ ਦੌਰਾਨ ਆਪਣੇ ਵਿਚਾਰ, ਸੁਝਾਅ ਅਤੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ।