ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣੋ ਨਾਂ ਰੋਕਿਆ ਤਾਂ ਭਵਿੱਖ ਵਿੱਚ ਸਿਹਤ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ: ਚਤਰ ਸਿੰਘ ਡੱਲੇਵਾਲਾ

ਫਰੀਦਕੋਟ 12 ਅਕਤੂਬਰ 2024 (  )

  ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਕਿਸਾਨਾਂ 50 ਤੋਂ 80 ਫੀਸਦੀ ਸਬਸਿਡੀ ਤੇ ਖੇਤੀ ਮਸ਼ੀਨਰੀ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਕਈ ਅਜਿਹੇ ਕਿਸਾਨ ਵੀ ਹਨ, ਜੋ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸੰਭਾਲ ਕਰਕੇ ਫਸਲਾਂ ਦੀ ਸਫਲਤਾ ਪੂਰਵਕ ਕਰਕੇ ਵਾਤਾਵਰਣ ਨੂੰ ਸ਼ੁਧ ਕਰਨ ਵਿੱਚ ਬਣਦਾ ਯੋਗਦਾਨ ਦੇ ਰਹੇ ਹਨ ।

ਪਿੰਡ ਡੱਲੇਵਾਲਾ ਦੇ ਅਜਿਹੇ ਹੀ ਕਿਸਾਨ ਚਤਰ ਸਿੰਘ ਪੁੱਤਰ ਨਿਛੱਤਰ ਸਿੰਘ ਬਰਾੜ ਹਨ, ਜੋ ਪਿਛਲੇ 6 ਸਾਲ ਤੋਂ 32 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਗੋਭੀ.ਆਲੂ,ਟਮਾਟਰ ਅਤੇ ਹਰੀ ਮਿਰਚ ਦੀ ਖੇਤੀ ਸਫਲਤਾ ਪੂਰਵਕ ਕਰਕੇ ਇਲਾਕੇ ਦੇ ਕਿਸਾਨਾਂ ਲਈ  ਚਾਨਣ ਮੁਨਾਰੇ ਦੀ ਤਰਾਂ ਕੰਮ ਕਰ ਰਿਹਾ ਹੈ। ਚਤਰ ਸਿੰਘ ਗੋਭੀ,ਆਲੂ,ਟਮਾਟਰ ਅਤੇ ਹਰੀ ਮਿਰਚ ਦੀ ਪਨੀਰੀ ਵੀ ਆਪ ਤਿਆਰ ਕਰਦਾ ਹੈ।ਚਤਰ ਸਿੰਘ ਮੁਤਾਬਕ ਜਿਸ ਤਰਾਂ ਕਿਸਾਨਾਂ,ਉਦਯੋਗਾਂ,ਮੋਟਰ ਗੱਡੀਆਂ ਆਦਿ ਵੱਲੋਂ ਭਵਿੱਖ ਦੀਆਂ ਸਿਹਤ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਨੂੰ ਬੇਧਿਆਨ ਕਰਕੇ ਹਵਾ,ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਣ ਕਰਨ ਵਰਤਾਰਾ ਜਾਰੀ ਰੱਖਿਆ ਹੋਇਆ ਹੈ,ਨੂੰ ਨਾਂ ਰੋਕਿਆ ਗਿਆ ਤਾਂ ਬਹੁਤ ਸਾਰੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਸਾਨ ਚਤਰ ਸਿੰਘ ਦਾ ਕਹਿਣਾ ਹੈ ਕਿ ਮਨੁੱਖੀ ਗਲਤੀਆਂ ਕਾਰਨ ਵਾਤਾਵਰਣ,ਹਵਾ,ਮਿੱਟੀ ਅਤੇ ਪਾਣੀ ਸਭ ਪ੍ਰਦੂਸਿਤ ਹੋ ਚੁੱਕੇ ਹਨ, ਜਿਸ ਪ੍ਰਤੀ ਮਨੁੱਖ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।ਕਿਸਾਨੀ, ਕੁਦਰਤ ਵੱਲੋਂ ਬਖਸ਼ੇ ਇਨਾਂ ਤਿੰਨ ਸਰੋਤਾਂ ਤੇ ਨਿਰਭਰ ਕਰਦੀ ਹੈ,ਇਸ ਲਈ  ਹਰੇਕ ਮਨੁੱਖ ਨੂੰ ਹਵਾ ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ।ਚਤਰ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਛੇ ਸਾਲ ਤੋਂ ਝੋਨੇ ਦੀ ਪਰਾਲੀ,ਕਣਕ ਦਾ ਨਾਂੜ ਨੂੰ ਅੱਗ ਲਗਾਏ ਬਗੈਰ ਜ਼ਮੀਨ ਵਿੱਚ ਤਵੀਆਂ ਅਤੇ ਰੋਟਾਵੇਟਰ ਨਾਲ ਕੁਤਰ ਕੇ ਮਿਲਾ ਦਿੱਤਾ ਜਾਂਦਾ ਹੈ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕਰਨ,ਰਸਾਇਣਕ ਖਾਦਾਂ ਦੀ ਖਪਤ ਘਟਾਉਣ,ਨਦੀਨਾਂ ਦੀ ਰੋਕਥਾਮ ਕਰਨ  ਵਿੱਚ ਮਦਦ ਮਿਲੀ ਹੈ।

ਕਿਸਾਨ ਚਤਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਮਿੱਟੀ ਪੋਲੀ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਜਾਂਦਾ ਹੈ।ਉਨਾਂ ਦੱਸਿਆ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਮੁਤਾਬਿਕ ਕਣਕ ਦੀ ਫਸਲ ਨੂੰ ਹੀ ਡਾਇਆ ਖਾਦ ਦੀ ਮਾਤਰਾ ਵੀ ਘਟਾ ਦਿੱਤੀ ਗਈ ਹੈ, ਜਿਸ ਨਾਲ ਖੇਤੀ ਲਾਗਤ ਖਰਚਾ ਘਟਣ ਕਾਰਨ ਸ਼ੁਧ ਆਮਦਨ ਵਿੱਚ ਵਾਧਾ ਹੁੰਦਾ ਹੈ।ਉਨਾਂ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਬਚੇ ਨਾੜ ਨੂੰ ਤਵੀਆ ਨਾਲ ਖੇਤ ਵਿੱਚ ਮਿਲਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਜੋ ਝੋਨਾ ਲਗਾਉਣ ਤੋਂ ਪਹਿਲਾਂ ਖੇਤ ਵਿੱਚ ਗਲ ਜਾਂਦਾ ਹੈ।ਉਨਾਂ ਦੱਸਿਆ ਕਿ ਉਹ ਖੇਤੀ ਨਾਲ ਸੰਬੰਧਤ ਰਸਾਲੇ,ਅਖਬਾਰਾਂ ਪੜ ਕੇ, ਖੇਤੀ ਮਾਹਿਰਾਂ ਨਾਲ ਸੰਪਰਕ ਕਾਇਮ ਕਰ ਕੇ ਅਤੇ ਕਿਸਾਨ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਖੇਤੀ ਗਿਆਨ ਹਾਸਲ ਕਰਦਾ ਹੈ ।

ਕਿਸਾਨ ਚਤਰ ਸਿੰਘ  ਨੇ ਕਿਸਾਨਾਂ ਵੀਰਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਈ ਜਾਵੇ ਕਿਉਂਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ।ਉਨਾਂ ਕਿਹਾ ਕਿ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਚ ਤਕਲੀਫ,ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।

[wpadcenter_ad id='4448' align='none']