ਬੁਢਲਾਡਾ/ਮਾਨਸਾ, 24 ਅਗਸਤ:
ਸ਼ਹਿਰ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਐਸ ਡੀ ਐਮ ਬੁਢਲਾਡਾ ਸ੍ਰ. ਗਗਨਦੀਪ ਸਿੰਘ ਵੱਲੋਂ ਸ਼ਹਿਰੀਆਂ ਦੀ ਇੱਕ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਕਾਰਜਸਾਧਕ ਅਫਸਰ ਬਲਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਬੈਂਸ, ਸੁਖਵਿੰਦਰ ਸਿੰਘ ਜੇ ਈ ਸੀਵਰੇਜ ਬੋਰਡ ਅਤੇ ਵਾਰਡ ਨੰ. 16 ਦੇ ਕੌਂਸਲਰ ਵੀ ਮੌਜੂਦ ਸਨ।
ਇਸ ਮੌਕੇ ਸ਼ਹਿਰ ਵਿੱਚ ਚੱਲ ਰਹੀਆਂ ਪਸ਼ੂ ਡੈਅਰੀਆਂ (ਨੌਹਰਿਆਂ) ਦੇ ਮਾਲਕ, ਹਰਾ ਚਾਰਾ ਵੇਚਣ ਵਾਲੇ ਟਾਲ ਦੇ ਮਾਲਕਾਂ ਤੋਂ ਇਲਾਵਾ ਨਗਰ ਸੁਧਾਰ ਸਭਾ ਦੇ ਮੈਬਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਐਸ.ਡੀ.ਐਮ ਨੇ ਕਿਹਾ ਕਿ ਪਸ਼ੂ ਡੈਅਰੀਆਂ ਦਾ ਮਲ ਮੂਤਰ ਸੀਵਰੇਜ਼ ਵਿੱਚ ਆਉਣ ਕਾਰਨ ਸੀਵਰੇਜ਼ ਬੰਦ ਹੋ ਜਾਦਾ ਹੈ ਜਿਸ ਕਾਰਨ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੰਦ ਸੀਵਰੇਜ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪਸ਼ੂ ਡੈਅਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਆਪਣੀਆਂ ਡੈਅਰੀਆਂ ਦੇ ਅੰਦਰ 4 ਫੁੱਟ x 6 ਫੁੱਟ ਦੇ 3 ਪਾਰਟ ਵਾਲੇ ਸੇਫਟੀ ਡੱਗ ਬਣਾਏ ਜਾਣ, ਜਿਸ ਰਾਹੀਂ ਮਲ ਮੂਤਰ ਗੋਬਰ ਟੈਂਕ ਦੇ ਵਿੱਚ ਹੀ ਰਹੇਗਾ। ਇਸ ਦਾ ਪਾਣੀ ਬਾਹਰ ਨਾਲੀ ਜਾਂ ਸੀਵਰੇਜ਼ ਵਿੱਚ ਪਾਇਆ ਜਾਵੇ। ਇਸ ਨਾਲ ਸੀਵਰੇਜ ਬੰਦ ਹੋਣ ਦੀ ਸਮੱਸਿਆ ਖਤਮ ਹੋ ਜਾਵੇਗੀ।
ਉਨ੍ਹਾਂ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸ਼ਹਿਰ ਵਿੱਚ ਹਰਾ ਚਾਰਾ ਵੇਚਣ ਵਾਲੇ ਟਾਲ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਹਰੇ ਚਾਰੇ ਦੀਆਂ ਟਾਲਾਂ ਗਊਸ਼ਾਲਾ ਦੇ ਨਜ਼ਦੀਕ ਜਾਂ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਲੈ ਕੇ ਜਾਣ, ਕਿਉਂਕਿ ਆਮ ਲੋਕ ਇੰਨ੍ਹਾਂ ਹਰੇ ਦੀਆਂ ਟਾਲਾਂ ਤੋਂ ਹਰਾਂ ਲੈ ਕੇ ਉੱਥੇ ਸੜਕ ਦੇ ਉੱਪਰ ਹੀ ਪਸ਼ੂਆਂ ਨੂੰ ਪਾ ਦਿੰਦੇ ਹਨ ਜਿਸ ਕਾਰਨ ਪਸ਼ੂ ਦੇ ਸੜ੍ਹਕਾਂ ਦੇ ਉੱਪਰ ਖੜੇ ਰਹਿਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਉਨ੍ਹਾਂ ਵਾਰਡ ਨੰਬਰ 16 ਵਿੱਚ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਬਣਾਏ ਗਏ ਐੱਮ ਆਰ ਐੱਫ ਸ਼ੈੱਡ (ਕੂੜਾ ਡੰਪ) ਨੂੰ ਸਹੀ ਢੰਗ ਨਾਲ ਚਲਾਉਣ ਅਤੇ ਸ਼ਹਿਰ ਤੋਂ ਬਾਹਰ ਨਵਾਂ ਐੱਮ ਆਰ ਐੱਫ ਸ਼ੈੱਡ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਸ਼ਹਿਰ ਤੋਂ ਬਾਹਰ ਸਵੱਛ ਭਾਰਤ ਮਿਸ਼ਨ ਤਹਿਤ ਐੱਮ ਆਰ ਐੱਫ ਪਲਾਂਟ ਨਵੀਂ ਤਕਨੀਕ ਨਾਲ ਲਗਾਇਆ ਜਾਵੇਗਾ।
ਉਨ੍ਹਾਂ ਇਸ ਦੇ ਲਈ ਲੋੜੀਂਦੀ ਸਰਕਾਰੀ ਜਗ੍ਹਾ ਲਈ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਨਗਰ ਕੌਂਸਲ ਦੀ ਜਿੰਨੀ ਵੀ ਵਾਹੀ ਯੋਗ ਜਮੀਨਾਂ, ਜਾਇਦਾਦ, ਦੁਕਾਨਾ ਆਦਿ ਹਨ ਇਨ੍ਹਾਂ ਜ਼ਮੀਨਾਂ ਉੱਪਰ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਕੌਂਸਲ ਜਾਇਦਾਦ ਆਪਣੇ ਕਬਜੇ ਵਿੱਚ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨਾਂ ਉੱਪਰ ਐੱਮ ਆਰ ਐੱਫ ਪਲਾਂਟ, ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਣ ਵਿਭਾਗ ਦੇ ਸਹਿਯੋਗ ਨਾਲ ਪੌਦੇ ਲਗਾਉਣ ਅਤੇ ਹੋਰ ਕਈ ਥਾਵਾਂ ਉੱਪਰ ਆਮ ਪਬਲਿਕ ਲਈ ਪਾਰਕ ਆਦਿ ਬਣਾਏ ਜਾਣ ਜਿੱਥੇ ਕਿ ਬੱਚੇ ਅਤੇ ਬਜ਼ੁਰਗ ਸੈਰ ਕਰ ਸਕਣ।