ਬੂਟਿਆਂ ਦੀ ਵੱਧ ਮੰਗ ਦੇ ਮੱਦੇਨਜ਼ਰ, ਜੰਗਲਾਤ ਵਿਭਾਗ ਨੇ ਲੁਧਿਆਣਾ ‘ਚ 11 ਲੱਖ ਤੋਂ ਵਧਾ ਕੇ 15 ਲੱਖ ਦਾ ਟੀਚਾ ਮਿੱਥਿਆ

ਲੁਧਿਆਣਾ, 6 ਜੁਲਾਈ (000) – ਲੁਧਿਆਣਾ ਵਿੱਚ ਬੂਟਿਆਂ ਦੀ ਵੱਧ ਮੰਗ ਨੂੰ ਦੇਖਦਿਆਂ ਜੰਗਲਾਤ ਵਿਭਾਗ ਵੱਲੋਂ ਇਸ ਮਾਨਸੂਨ ਵਿੱਚ 11 ਲੱਖ ਬੂਟੇ ਲਾਉਣ ਦੇ ਟੀਚੇ ਨੂੰ ਪਾਰ ਕਰਕੇ 15 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਸਰਕਾਰੀ ਵਿਭਾਗਾਂ ਵੱਲੋਂ 3.5 ਲੱਖ ਬੂਟਿਆਂ ਦੀ ਪ੍ਰਸਤਾਵਿਤ ਮੰਗ ਦੇ ਉਲਟ ਜੰਗਲਾਤ ਅਧਿਕਾਰੀਆਂ ਨੂੰ 8.58 ਲੱਖ ਬੂਟਿਆਂ ਦੀ ਮੰਗ ਪ੍ਰਾਪਤ ਹੋਈ ਹੈ, ਜਿਸ ਵਿੱਚੋਂ ਉਹ ਹੁਣ 5 ਜੁਲਾਈ ਤੱਕ 3 ਲੱਖ ਤੋਂ ਵੱਧ ਬੂਟੇ ਸਪਲਾਈ ਕਰ ਚੁੱਕੇ ਹਨ ਅਤੇ ਇਹ ਬੂਟੇ ਸਰਕਾਰੀ ਵਿਭਾਗਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਜਦੋਂ ਕਿ ਲੋਕ ਇਨ੍ਹਾਂ ਨੂੰ ਬਹੁਤ ਹੀ ਮਾਮੂਲੀ ਕੀਮਤ ‘ਤੇ ਖਰੀਦ ਸਕਦੇ ਹਨ।

ਜੰਗਲਾਤ ਵਿਭਾਗ ਦੇ ਅਨੁਸਾਰ, ਉੱਚ ਮੰਗ ਨੂੰ ਪੂਰਾ ਕਰਨ ਲਈ, ਉਨ੍ਹਾਂ ਕੋਲ ਲੁਧਿਆਣਾ ਸਰਕਲ ਦੀਆਂ 24 ਨਰਸਰੀਆਂ ਵਿੱਚ ਜਾਮੁਨ, ਅਰਜੁਨ, ਅਮਰੂਦ, ਆਂਵਲਾ, ਕਿੱਕਰ, ਅਮਲਤਾਸ, ਗੁਲਮੋਹਰ, ਸੇਮੂਲ, ਟਾਹਲੀ ਅਤੇ ਨਿੰਮ ਵਰਗੀਆਂ ਦੇਸੀ ਪ੍ਰਜਾਤੀਆਂ ਦੇ 19 ਲੱਖ ਬੂਟੇ ਮੌਜੂਦ ਹਨ।

ਇਸ ਦੌਰਾਨ ਸ਼ਨੀਵਾਰ ਨੂੰ ਵਿੱਤ ਕਮਿਸ਼ਨਰ (ਜੰਗਲਾਤ) ਕ੍ਰਿਸ਼ਨ ਕੁਮਾਰ ਆਈ.ਏ.ਐਸ. ਨੇ ਲੁਧਿਆਣਾ ਵਿਖੇ ਚੱਲ ਰਹੀ ਬੂਟੇ ਲਗਾਉਣ ਦੀ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਲਈ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਪੰਚਾਇਤ, ਸਿੱਖਿਆ, ਮਾਲ, ਨਗਰ ਨਿਗਮ, ਪੀ.ਏ.ਯੂ. ਅਤੇ ਹੋਰਾਂ ਦੇ ਅਧਿਕਾਰੀਆਂ ਨੇ ਵਿੱਤ ਕਮਿਸ਼ਨਰ (ਜੰਗਲਾਤ) ਨੂੰ ਵੇਕ ਅੱਪ ਲੁਧਿਆਣਾ ਮਿਸ਼ਨ ਤਹਿਤ ਚੱਲ ਰਹੀ ਵਿਸ਼ਾਲ ਬੂਟੇ ਲਗਾਉਣ ਦੀ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਵਿੱਤ ਕਮਿਸ਼ਨਰ (ਜੰਗਲਾਤ) ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮਾਨਸੂਨ ਦੌਰਾਨ ਪੰਜਾਬ ਲਈ 1.78 ਕਰੋੜ ਬੂਟੇ ਲਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਤਾਵਰਣ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਅਧਿਕਾਰੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਵੇਕ ਅੱਪ ਲੁਧਿਆਣਾ ਮਿਸ਼ਨ ਬਾਰੇ ਗੱਲ ਕਰਦਿਆਂ ਦੱਸਿਆ ਕਿ 30 ਨਾਨਕ ਬਗੀਚੀਆਂ ਵੀ ਵਿਕਸਤ ਕੀਤੀਆਂ ਜਾ ਰਹੀਆਂ ਹਨ ਜਿੱਥੇ ਇੱਕ ਏਕੜ ਰਕਬੇ ਵਿੱਚ 500 ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨਾਂ, ਪਿੰਡਾਂ ਦੇ ਛੱਪੜਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰਿਆਂ, ਵਿੱਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ ਅਤੇ ਹੋਰ ਵਿਭਾਗੀ ਖਾਲੀ ਪਈਆਂ ਜ਼ਮੀਨਾਂ ‘ਤੇ ਬੂਟੇ ਲਗਾਏ ਜਾ ਰਹੇ ਹਨ।

ਵਾਤਾਵਰਣ ਦੀ ਸਥਿਰਤਾ ਬਾਰੇ ਜਾਗਰੂਕਤਾ ਲਈ, ਧਾਲੀਵਾਲ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਨੇ ਨਾਗਰਿਕਾਂ ਵਿੱਚ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 15 ਜੂਨ ਨੂੰ ‘ਕੈਪਚਰ ਲੁਧਿਆਣਾ: ਮੋਮੈਂਟਸ ਆਫ਼ ਗ੍ਰੀਨ’ ਨਾਮਕ ਇੱਕ ਫੋਟੋਗ੍ਰਾਫੀ ਮੁਕਾਬਲਾ ਵੀ ਸ਼ੁਰੂ ਕੀਤਾ ਸੀ। ਭਾਗੀਦਾਰ ਫੋਟੋਗ੍ਰਾਫੀ ਮੁਕਾਬਲੇ ਦੇ ਇਵੈਂਟ ਲਈ ਆਪਣੀਆਂ ਐਂਟਰੀਆਂ ਈਮੇਲ wakeupludhiana365@gmail.com ‘ਤੇ ‘ਵੇਕ ਅੱਪ ਲੁਧਿਆਣਾ ਫੋਟੋਗ੍ਰਾਫੀ ਪ੍ਰਤੀਯੋਗਤਾ’ ਦੇ ਵਿਸ਼ੇ ਨਾਲ ਭੇਜ ਰਹੇ ਹਨ। ਐਂਟਰੀਆਂ ਜਮ੍ਹਾਂ ਕਰਾਉਣ ਦੀ ਅੰਤਿਮ ਮਿਤੀ 15 ਜੁਲਾਈ, 2024 ਹੈ। ਡਿਪਟੀ ਕਮਿਸ਼ਨਰ ਵੱਲੋਂ ਚੋਟੀ ਦੇ 3 ਜੇਤੂਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਇੱਕ ‘ਗਰੀਨ ਹੈਕਾਥਨ’ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਵਾਤਾਵਰਣ ਦੀਆਂ ਸਮੱਸਿਆਵਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਹੱਲ ਲਈ ਪ੍ਰਭਾਵੀ ਉਪਾਅ ਪ੍ਰਸਤਾਵਿਤ ਕਰਨਾ ਹੈ। ਜੇਕਰ ਉਨ੍ਹਾਂ ਦੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣਯੋਗ ਅਤੇ ਨਤੀਜਾ-ਮੁਖੀ ਮੰਨਿਆ ਜਾਂਦਾ ਹੈ, ਤਾਂ ਪ੍ਰਸ਼ਾਸਨ ਉਨ੍ਹਾਂ ਦੇ ਵਿਚਾਰਾਂ ਦਾ ਸਨਮਾਨ ਕਰੇਗਾ ਅਤੇ ਲਾਗੂ ਕਰੇਗਾ।

ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਸੌਰਭ ਗੁਪਤਾ, ਆਈ.ਐਫ.ਐਸ., ਏ.ਪੀ.ਸੀ.ਸੀ.ਐਫ. ਪੰਜਾਬ, ਕੰਜ਼ਰਵੇਟਰ ਕੇ ਕਾਨਨ, ਆਈ.ਐਫ.ਐਸ., ਅਜੀਤ ਕੁਲਕਰਨੀ, ਆਈ.ਐਫ.ਐਸ., ਡੀ.ਐਫ.ਓ ਰਾਜੇਸ਼ ਗੁਲਾਟੀ ਅਤੇ ਹੋਰ ਹਾਜ਼ਰ ਸਨ।

[wpadcenter_ad id='4448' align='none']