ਲੁਧਿਆਣਾ, 17 ਦਸੰਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 28 ਅਧੀਨ ਮੋਤੀ ਨਗਰ ਏ ਅਤੇ ਬੀ ਬਲਾਕ ਦੀਆਂ ਪਾਰਕਾਂ ਦੇ ਨਵੀਨੀਕਰਣ ਤੇ ਸੁੰਦਰੀਕਰਣ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇੇ ਕਰੀਬ 16.50 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਦਵਾਈ, ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਤੇ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਉਣਾ ਹੈ। ਉਹਨਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਕਰੀਬ 32 ਕਰੋੜ ਦੇ ਸੜਕੀ ਨਿਰਮਾਣ ਕਾਰਜ ਚੱਲ ਰਹੇ ਹਨ। ਇਸ ਤੋਂ ਇਲਾਵਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਨਵੀਂ ਦਿੱਖ ਦੇਣ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਨਵੇਂ ਸਕੂਲ ਬਣਾਏ ਜਾ ਰਹੇ ਹਨ, ਇਹਨਾਂ ਸਕੂਲਾਂ ਦੇ ਬਣਨ ਨਾਲ ਹਲਕਾ ਪੂਰਬੀ ਨੂੰ ਵੱਡੀ ਪ੍ਰਾਪਤੀ ਹੋਵੇਗੀ।
ਉਹਨਾਂ ਕਿਹਾ ਕਿ ਹਲਕੇ ਅੰਦਰ ਸਥਿਤ ਦੋ ਹਸਪਤਾਲ ਜਲਦ ਹੀ ਡੀ.ਐਮ.ਸੀ. ਅਤੇ ਸੀ.ਐਮ.ਸੀ. ਦੀ ਤਰਜ ‘ਤੇ ਇਲਾਜ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਦੇ ਇਹਨਾਂ ਹਸਪਤਾਲਾਂ ਲਈ ਜਰੂਰੀ ਮਸ਼ੀਨਰੀ ਤੋਂ ਇਲਾਵਾ ਡਾਕਟਰ ਅਤੇ ਹੋਰ ਸਟਾਫ ਲਈ ਸਿਹਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹਨਾਂ ਹਸਪਤਾਲਾਂ ਵਿੱਚ ਜਲਦ ਹੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਵਿਧਾਇਕ ਗਰੇਵਾਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਲਕੇ ਅੰਦਰ ਹੋ ਰਹੇ ਵਿਕਾਸ ਕਾਰਜਾਂ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਿਕਾਸ ਕਾਰਜ ਕਰਵਾਏ ਜਾਂਦੇ ਹਨ, ਉਹ ਤੁਹਾਡੇ ਵੱਲੋਂ ਦਿੱਤੇ ਹੋਏ ਟੈਕਸਾਂ ਦੇ ਪੈਸੇ ਨਾਲ ਹੀ ਹੁੰਦੇ ਹਨ। ਉਹਨਾਂ ਕਿਹਾ ਕਿ ਵਿਕਾਸ ਕਾਰਜ ਕਿਸੇ ਵੀ ਕੌਂਸਲਰ ਦਾ ਕੋਟਾ ਨਹੀਂ ਇਹ ਤੁਹਾਡੇ ਵੱਲੋਂ ਦਿੱਤੇ ਹੋਏ ਟੈਕਸ ਦਾ ਕੋਟਾ ਹੈ ਜੋ ਵਿਕਾਸ ਦੇ ਰੂਪ ਵਿੱਚ ਤੁਹਾਡੇ ਤੱਕ ਪਹੁੰਚਦਾ ਹੈ।
ਇਸ ਮੌਕੇ ਆਪ ਆਗੂ ਹਰਸ਼ਰਨ ਸਿੰਘ ਗਿਫਟੀ, ਮਨਜੀਤ ਸਿੰਘ ਚੌਹਾਨ, ਸਤਿੰਦਰ ਪਾਲ ਜੋਲੀ, ਸਤਪਾਲ ਭੋਪਾਲ, ਦੀਪਕ ਸਾਗਰ, ਯਸ਼ਪਾਲ ਸ਼ਰਮਾ, ਜਤਿੰਦਰ ਸਿੰਘ ਜਨੇਜਾ, ਟਿਪਸੀ ਧਾਲੀਵਾਲ, ਗਾਂਧੀ ਧਾਲੀਵਾਲ, ਭੂਸ਼ਨ ਕੁਮਾਰ ਅਤੇ ਅਮਿਤ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।