ਵਿਧਾਇਕ ਮੁੰਡੀਆਂ ਵੱਲੋਂ ਪਿੰਡ ਭੂਖੜੀ ਕਲਾਂ ‘ਚ ਬੁੱਢੇ ਦਰਿਆ ‘ਤੇ ਪੁਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 31 ਜੁਲਾਈ (000) – ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਹਲਕਾ ਸਾਹਨੇਵਾਲ ਵਿੱਚ ਵਿਕਾਸ ਕਾਰਜ਼ ਜੰਗੀ ਪੱਧਰ ‘ਤੇ ਚੱਲ ਰਹੇ ਹਨ।

ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਾਹਨੇਵਾਲ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਥਾਨਕ ਤਾਜਪੁਰ ਰੋਡ ‘ਤੇ ਪਿੰਡ ਭੂਖੜੀ ਕਲਾਂ ਨੇੜੇ ਬੁੱਢਾ ਦਰਿਆ ‘ਤੇ ਪੁਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਬੀਤੇ ਵਰ੍ਹੇ ਦਹਾਕਿਆਂ ਪੁਰਾਣਾ ਇਹ ਪੁਲ ਬਰਸਾਤੀ ਪਾਣੀ ਦੀ ਮਾਰ ਕਾਰਨ ਨੁਕਸਾਨਿਆ ਗਿਆ ਸੀ ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਆਉਣਾ-ਜਾਣਾ ਔਖਾ ਹੋ ਗਿਆ ਸੀ।

ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ‘ਤੇ ਇਸ ਪੁਲ ਦੇ ਪੁਨਰ-ਨਿਰਮਾਣ ਕਾਰਜ਼ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 1.28 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਅਗਲੇ ਦੋ ਮਹੀਨਿਆਂ ਵਿੱਚ ਮੁੜ ਨਵਾਂ ਪੁਲ ਤਿਆਰ ਹੋ ਜਾਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਦੀ ਆਵਾਜਾਈ ਸੁਖਾਵੀਂ ਹੋ ਸਕੇ।

ਵਿਧਾਇਕ ਮੁੰਡੀਆਂ ਨੇ ਸਪੱਸ਼ਟ ਕੀਤਾ ਚੋਣਾਂ ਦੌਰਾਨ ਹਲਕੇ ਦੇ ਵਸਨੀਕਾਂ ਨਾਲ ਕੀਤੇ ਸਾਰੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਬੀਤੇ ਦਿਨੀਂ ਸਾਹਨੇਵਾਲ ਵਿਖੇ, ‘ਸਰਕਾਰ ਤੁਹਾਡੇ ਦੁਆਰ’ ਪਹਿਲਕਦਮੀ ਤਹਿਤ ਲੱਗੇ ਸੁਵਿਧਾ ਕੈਂਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਸਨੀਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਕੀ ਸੇਵਾਵਾਂ ਘਰ ਦੇ ਬੂਹਿਆਂ ‘ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿੱਥੇ ਬਿਨੈਕਾਰਾਂ ਵੱਲੋਂ ਵਿਧਵਾ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ ਅਤੇ ਹੋਰ ਪ੍ਰਵਾਨਗੀਆਂ ਹੱਥੋ-ਹੱਥ ਪ੍ਰਾਪਤ ਕੀਤੀਆਂ ਗਈਆਂ।

ਪੁਲ ਦੇ ਉਦਘਾਟਨ ਮੌਕੇ ਉਨ੍ਹਾਂ ਦੇ ਨਾਲ ਕਰਮਜੀਤ ਖਾਸੀ, ਜਸਪ੍ਰੀਤ ਸਿੰਘ ਪੰਧੇਰ, ਰਿੰਕਲ ਸੈਣੀ, ਸੁਖਵਿੰਦਰ ਸਿੰਘ ਰੰਧਾਵਾ, ਹਰਮਨ ਸਿੰਘ, ਰਿੰਕੂ, ਪ੍ਰਿੰਸ ਸੈਣੀ, ਬੱਬੂ ਮੁੰਡੀਆਂ ਤੋਂ ਇਲਾਵਾ ਪਿੰਡ ਦੇ ਵਸਨੀਕ ਵੀ ਮੌਜੂਦ ਸਨ।

[wpadcenter_ad id='4448' align='none']