ਚੰਡੀਗੜ੍ਹ,7 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗਰ (ਮੋਹਾਲੀ) ਦੇ ਗੈਸਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਜਾਂਦੇ ਮਾਣਭੱਤੇ ਦੀ ਦਰ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਵਿਦਿਆਰਥੀਆਂ ਨੂੰ ਪੂਰਵ ਇਮਤਿਹਾਨ ਦੀ ਕੋਚਿੰਗ ਦੇਣ ਲਈ ਬੁਲਾਏ ਜਾਂਦੇ ਗੈਸਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਜਾਂਦੇ ਮਾਣਭੱਤੇ ਦੀ ਦਰ ਵਿੱਚ ਵਾਧਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਗੈਸਟ ਫੈਕਲਟੀ ਮੈਂਬਰਾਂ ਨੂੰ 750/- ਰੁਪਏ ਪ੍ਰਤੀ ਘੰਟਾ ਮਾਣਭੱਤਾ ਦਿੱਤਾ ਜਾਂਦਾ ਸੀ। ਹੁਣ ਇਹ ਮਾਣ ਭੱਤਾ 750/- ਰੁਪਏ ਪ੍ਰਤੀ ਘੰਟਾ ਤੋਂ ਵਧਾ ਕੇ 1500/- ਰੁਪਏ ਪ੍ਰਤੀ ਘੰਟਾ ਦਿੱਤਾ ਜਾਵੇਗਾ।ਇਹ ਕਦਮ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਵਧੀਆ ਸਿਖਲਾਈ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਉਥੇ ਹੀ ਆਪਣੇ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਯੋਗਦਾਨ ਪਾਉਣ ਵਾਲੇ ਹਰ ਵਰਗ ਦਾ ਸਮਰਥਨ ਕੀਤਾ ਜਾਵੇਗਾ।