ਅੰਮ੍ਰਿਤਸਰ, 30 ਮਈ 2024 :
ਲੋਕ ਸਭਾ ਹਲਕਾ 02-ਅੰਮ੍ਰਿਤਸਰ ਲਈ ਨਿਯੁਕਤ ਕੀਤੇ ਚੋਣ ਖ਼ਰਚਾ ਅਬਜ਼ਰਵਰ ਸ੍ਰੀ ਬਾਰੇ ਗਨੇਸ਼ ਸੁਧਾਕਰ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਦੀ ਹਾਜ਼ਰੀ ਵਿੱਚ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਨ ਕੀਤਾ ਗਿਆ।
ਇਸ ਮੌਕੇ ਸਮੂਹ ਸਹਾਇਕ ਖ਼ਰਚਾ ਅਬਜ਼ਰਵਰਾਂ ਵੱਲੋਂ ਚੋਣ ਲੜ ਰਹੇ ਹਰੇਕ ਉਮੀਦਵਾਰ ਦੇ ਚੋਣ ਖ਼ਰਚਾ ਰਜਿਸਟਰ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਚੋਣਾਂ ਉੱਪਰ ਕੀਤੇ ਗਏ ਖ਼ਰਚੇ ਦੀਆਂ ਐਂਟਰੀਆਂ ਨੂੰ ਚੈੱਕ ਕੀਤਾ ਗਿਆ।
ਇਸ ਮੌਕੇ ਚੋਣ ਖ਼ਰਚਾ ਅਬਜ਼ਰਵਰ ਸ੍ਰੀ ਸੁਧਾਕਰ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਲਈ 95 ਲੱਖ ਰੁਪਏ ਤੱਕ ਚੋਣ ਖ਼ਰਚੇ ਦੀ ਹੱਦ ਮਿੱਥੀ ਗਈ ਹੈ ਅਤੇ ਇਸ ਤੋਂ ਵੱਧ ਚੋਣ ਖ਼ਰਚਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਰੋਜ਼ਾਨਾ ਆਪਣੇ ਚੋਣ ਖ਼ਰਚ ਨੂੰ ਰਜਿਸਟਰ ਵਿੱਚ ਦਰਜ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਚੋਣ ਦਫ਼ਤਰ ਵੱਲੋਂ ਵੀ ਸ਼ੈਡੋ ਰਜਿਸਟਰ ਲਗਾ ਕੇ ਹਰੇਕ ਉਮੀਦਵਾਰ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਅੱਜ ਤੀਜਾ ਮਿਲਾਨ ਕੀਤਾ ਗਿਆ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦਾ ਖਰਚਾ ਸ਼ੈਡੋ ਰਜਿਸਟਰ ਨਾਲ ਮੇਲ ਨਹੀਂ ਖਾਂਦਾ ਉਨਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਚੋਣ ਨਤੀਜਾ ਆਉਣ ਦੇ 30 ਦਿਨਾਂ ਦੇ ਅੰਦਰ ਹਰ ਉਮੀਦਵਾਰ ਵੱਲੋਂ ਆਪਣੇ ਖਰਚ ਕੀਤੇ ਗਏ ਵੋਚਰਾਂ ਸਮੇਤ ਆਪਣਾ ਚੋਣ ਖ਼ਰਚਾ ਰਜਿਸਟਰ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਉਮੀਦਵਾਰ ਉੱਪਰ ਚੋਣ ਕਮਿਸ਼ਨ ਤਿੰਨ ਸਾਲ ਲਈ ਚੋਣ ਲੜਨ ‘ਤੇ ਰੋਕ ਲਗਾ ਸਕਦਾ ਹੈ।
ਉਨਾਂ ਨੇ ਕਿਹਾ ਕਿ ਉਮੀਦਵਾਰ ਚੋਣਾਂ ਨਾਲ ਸਬੰਧਿਤ ਪੈਸੇ ਦਾ ਕੋਈ ਵੀ ਲੈਣ-ਦੇਣ ਚੋਣਾਂ ਸਬੰਧੀ ਖੋਲ੍ਹੇ ਗਏ ਬੈਂਕ ਖਾਤੇ ਵਿਚੋਂ ਹੀ ਕਰਨ। ਉਨ੍ਹਾਂ ਕਿਹਾ ਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਕੋਈ ਅਦਾਇਗੀ ਚੈੱਕ ਜਾਂ ਡਰਾਫ਼ਟ ਰਾਹੀਂ ਹੀ ਕੀਤੀ ਜਾਵੇ।